Punjab: 11 ਦਿਨ ਤੋਂ ਬਿਜਲੀ ਤੋਂ ਵਾਂਝੇ ਲੋਕਾਂ ਦਾ ਭੜਕਿਆ ਗੁੱਸਾ: ਕੰਪਨੀ ਦੇ ਦਫਤਰ ਨੂੰ ਜੜਿਆ ਤਾਲਾ
ਜ਼ੀਰਕਪੁਰ, 14 ਮਾਰਚ 2026 (ਵਿਸ਼ਵ ਵਾਰਤਾ) – ਜ਼ੀਰਕਪੁਰ ਦੀ ਸੁਸ਼ਮਾ ਜੋਇਨੇਸ਼ਟ ਸੁਸਾਇਟੀ ਵਿੱਚ ਬਿਲਡਰ ਵਲੋਂ ਬਿਜਲੀ ਬਿਲ ਨਾ ਭਰਨ ਕਾਰਨ ਪਿਛਲੇ 11 ਦਿਨਾਂ ਤੋਂ ਬਿਜਲੀ ਕੂਨੇਕਸ਼ਨ ਕੱਟੇ ਜਾਣ ਕਾਰਨ ਵਸਨੀਕਾਂ ਵਿੱਚ ਗੁੱਸਾ ਭੜਕ ਉਠਿਆ। ਨਾਰਾਜ਼ ਵਸਨੀਕਾਂ ਨੇ ਸੁਸਾਇਟੀ ਵਿੱਚ ਸਥਿਤ ਕੰਪਨੀ ਦੇ ਸੇਲ ਦਫਤਰ ਨੂੰ ਤਾਲਾ ਲਗਾ ਕੇ ਬਿਲਡਰ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਵਸਨੀਕਾਂ ਦਾ ਦੋਸ਼ ਹੈ ਕਿ ਬਿਲਡਰ ਵੱਲੋਂ ਬਿਜਲੀ ਵਿਭਾਗ ਦਾ ਲੱਖਾਂ ਰੁਪਏ ਦਾ ਬਕਾਇਆ ਬਿਲ ਅਦਾ ਨਾ ਕਰਨ ਕਾਰਨ ਸੈਂਕੜੇ ਪਰਿਵਾਰ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।
ਰੋਸ ਪ੍ਰਦਰਸ਼ਨ ਦੌਰਾਨ ਚਰਨਜੀਤ ਰਾਓ, ਮਨਜੀਤ ਸਿੰਘ, ਅਮਿਤ ਦਦਵਾਲ, ਅੰਕੁਰ ਧਵਨ, ਕਵਲਜੋਤ ਸਿੰਘ, ਰਾਜੀਵ ਨਿਗਮ, ਭਾਰਤ ਫੁਟੇਲਾ, ਵਿਨੇ ਕੱਕੜ, ਸੋਨੀਆ ਨਿਗਮ, ਮਨਪ੍ਰੀਤ ਕੌਰ, ਪ੍ਰੀਆ ਕੱਕੜ, ਸ਼ਿਵਾਨੀ ਸ਼ਰਮਾ, ਅਰਚਨਾ, ਖੁਸ਼ਦੀਪ ਕੌਰ, ਦਿਕਸ਼ਾ ਅਤੇ ਲੀਜ਼ਾ ਚਾਵਲਾ ਸਮੇਤ ਹੋਰ ਵਸਨੀਕਾਂ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ 2 ਮਾਰਚ ਨੂੰ ਸੁਸਾਇਟੀ ਦਾ ਕੂਨੇਕਸ਼ਨ ਕੱਟ ਦਿੱਤਾ ਗਿਆ ਸੀ ਕਿਉਂਕਿ ਬਿਲਡਰ ਵੱਲੋਂ ਵਿਭਾਗ ਦਾ ਬਕਾਇਆ ਬਿਲ ਅਦਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਵਰਕੌਮ ਨੇ ਬਿਲਡਰ ਨੂੰ ਸਿੰਗਲ ਪੁਆਇੰਟ ਮੀਟਰ ਦਿੱਤਾ ਹੋਇਆ ਹੈ ਜਿਸ ਤੋਂ ਬਾਦ ਸੁਸਾਇਟੀ ਦੇ ਕਰੀਬ 600 ਪਰਿਵਾਰਾਂ ਵੱਲੋਂ ਆਪਣੇ ਘਰਾਂ ਵਿੱਚ ਪਹਿਲਾਂ ਹੀ ਪ੍ਰੀਪੇੜ ਮੀਟਰ ਲਗਵਾਏ ਹੋਏ ਹਨ ਅਤੇ ਉਹ ਸਮੇਂ ਸਿਰ ਬਿਜਲੀ ਦੇ ਬਿਲਾਂ ਦੀ ਅਦਾਇਗੀ ਕਰਦੇ ਹਨ, ਪਰ ਬਿਲਡਰ ਵੱਲੋਂ ਇਹ ਰਕਮ ਵਿਭਾਗ ਕੋਲ ਜਮ੍ਹਾਂ ਨਾ ਕਰਵਾਉਣ ਕਾਰਨ ਪੂਰੀ ਸੁਸਾਇਟੀ ਇਸ ਸਮੱਸਿਆ ਦਾ ਸ਼ਿਕਾਰ ਬਣ ਗਈ ਹੈ।
ਵਸਨੀਕਾਂ ਨੇ ਦੋਸ਼ ਲਗਾਇਆ ਕਿ ਬਿਜਲੀ ਕੱਟੇ ਜਾਣ ਤੋਂ ਬਾਅਦ ਬਿਲਡਰ ਵੱਲੋਂ ਜਨਰੇਟਰ ਰਾਹੀਂ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਇਸ ਲਈ ਕਰੀਬ 30 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਰਕਮ ਵਸੂਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਵਿੱਚ ਬਿਜਲੀ ਬਦਲ ਵਜੋਂ ਲੱਗੇ ਤਿੰਨ ਜਨਰੇਟਰਾਂ ਵਿੱਚੋਂ ਦੋ ਪਹਿਲਾਂ ਹੀ ਖਰਾਬ ਪਏ ਹਨ ਅਤੇ ਹੁਣ ਚੱਲ ਰਿਹਾ ਇਕੱਲਾ ਜਨਰੇਟਰ ਵੀ ਵਾਰ-ਵਾਰ ਬੰਦ ਹੋਣ ਲੱਗ ਪਿਆ ਹੈ, ਜਿਸ ਕਾਰਨ ਵਸਨੀਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਵਸਨੀਕ ਆਪਣੀ ਸਮੱਸਿਆ ਲੈ ਕੇ ਸੁਸਾਇਟੀ ਵਿੱਚ ਬਣੇ ਕੰਪਨੀ ਦੇ ਦਫਤਰ ਵਿੱਚ ਪਹੁੰਚੇ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਤੋਂ ਨਾਰਾਜ਼ ਹੋ ਕੇ ਵਸਨੀਕਾਂ ਨੇ ਗੁੱਸੇ ਵਿੱਚ ਆ ਕੇ ਦਫਤਰ ਨੂੰ ਤਾਲਾ ਲਗਾ ਦਿੱਤਾ ਅਤੇ ਬਿਲਡਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਵਸਨੀਕਾਂ ਨੇ ਕਿਹਾ ਕਿ ਉਹ ਆਪਣੀ ਸਮੱਸਿਆ ਬਾਰੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ, ਐਸਡੀਐਮ ਡੇਰਾਬੱਸੀ ਅਤੇ ਡੀਸੀ ਮੋਹਾਲੀ ਨੂੰ ਵੀ ਜਾਣੂ ਕਰਵਾ ਚੁੱਕੇ ਹਨ, ਪਰ ਹੁਣ ਤੱਕ ਕੋਈ ਢੁਕਵਾਂ ਹੱਲ ਨਹੀਂ ਨਿਕਲਿਆ। ਉਨ੍ਹਾਂ ਦੱਸਿਆ ਕਿ ਇਸ ਸਮੇਂ ਬੱਚਿਆਂ ਦੇ ਇਮਤਿਹਾਨ ਚੱਲ ਰਹੇ ਹਨ ਅਤੇ ਬਿਜਲੀ ਨਾ ਹੋਣ ਕਾਰਨ ਪਰਿਵਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਸਾਇਟੀ ਵਿੱਚ ਕਈ ਬਜ਼ੁਰਗ ਅਤੇ ਅਸਥਮਾ ਦੇ ਮਰੀਜ਼ ਵੀ ਰਹਿੰਦੇ ਹਨ, ਜਦਕਿ ਗਰਭਵਤੀ ਔਰਤਾਂ ਲਈ ਵੀ ਇਹ ਹਾਲਾਤ ਮੁਸ਼ਕਲ ਬਣ ਰਹੇ ਹਨ।
ਵਸਨੀਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਵਿੱਚ ਨਿੱਜੀ ਦਖ਼ਲ ਕਰਕੇ ਤੁਰੰਤ ਹੱਲ ਕਰਵਾਉਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਤੱਕ ਇਸ ਸਮੱਸਿਆ ਦਾ ਸਥਾਈ ਹੱਲ ਨਾ ਕੀਤਾ ਗਿਆ ਤਾਂ ਉਹ ਹਾਈਵੇ ਜਾਮ ਕਰਨ ਲਈ ਮਜਬੂਰ ਹੋ ਜਾਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਇਸ ਮਾਮਲੇ ਸਬੰਧੀ ਜਦੋਂ ਸੁਸ਼ਮਾ ਗਰੁੱਪ ਦੇ ਬਿਲਡਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਜਦਕਿ ਬਿਜਲੀ ਵਿਭਾਗ ਦੇ ਨਿਗਰਾਨ ਇੰਜੀਨੀਅਰ ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਸੁਸ਼ਮਾ ਜੋਇਨੇਸ਼ਟ ਦੇ ਬਿਲਡਰ ਵੱਲ ਵਿਭਾਗ ਦਾ ਕਰੀਬ 29 ਲੱਖ ਰੁਪਏ ਬਕਾਇਆ ਹੈ। ਉਨ੍ਹਾਂ ਕਿਹਾ ਕਿ ਇਸ ਬਕਾਇਆ ਰਕਮ ਕਾਰਨ ਹੀ ਕੂਨੇਕਸ਼ਨ ਕੱਟਿਆ ਗਿਆ ਹੈ ਅਤੇ ਬਿਲਡਰ ਨੂੰ ਬਿਲ ਭਰਨ ਲਈ ਸਖ਼ਤ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਬਕਾਇਆ ਰਕਮ ਦੀ ਅਦਾਇਗੀ ਤੋਂ ਬਾਅਦ ਹੀ ਸੁਸਾਇਟੀ ਦਾ ਬਿਜਲੀ ਕੂਨੇਕਸ਼ਨ ਮੁੜ ਜੋੜਿਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























