Punjab : ਸ਼ਾਹੀ ਬਾਰਾਂ ਦਰੀ ‘ਤੇ ਝੁਲਾਇਆ ਗਿਆ ਕੇਸਰੀ ਨਿਸ਼ਾਨ ਸਾਹਿਬ
– ਸ਼ਾਹੀ ਬਾਰਾਂ ਦਰੀ ਦੀ ਜ਼ਮੀਨ ਜਾਇਦਾਦ ਨੂੰ ਹੜੱਪਣ ਦੀ ਤਾਕ ਲਾਈ ਬੈਠੇ ਭੂ ਮਾਫ਼ੀਆ, ਸਰਕਾਰੀ ਅਫਸਰਾਂ ਤੇ ਸਿਆਸਤਦਾਨਾਂ ਦੇ ਗਠਜੋੜ ਦੇ ਨਾਵਾਂ ਦਾ 15 ਦਿਨ ਬਾਅਦ ਪਰਦਾਫਾਸ਼ ਕਰਾਂਗੇ: ਮਨਜੀਤ ਸਿੰਘ ਭੋਮਾ
ਦੀਨਾ ਨਗਰ 26 ਅਪ੍ਰੈਲ ( ਵਿਸ਼ਵ ਵਾਰਤਾ): ਅੱਜ ਇਥੇ ਦੀਨਾ ਨਗਰ ਸਥਿਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਸ਼ਾਹੀ ਬਾਰਾਂਦਰੀ ਵਿਖੇ ਹੋਈ ਪੰਥਕ ਹਿਤੈਸ਼ੀਆਂ , ਵਕੀਲਾਂ , ਸਥਾਨਕ ਹਿੰਦੂ ਨੁਮਾਇੰਦਿਆਂ , ਨਿਹੰਗ ਸਿੰਘਾਂ, ਬੁੱਧੀਜੀਵੀਆਂ , ਵਿਰਾਸਤ ਸੰਭਾਲਣ ਵਾਲੀਆਂ ਸ਼ਖ਼ਸੀਅਤਾਂ ਦੇ ਨੁਮਾਇੰਦਿਆਂ ਦੀ ਭਰਵੀਂ ਮੀਟਿੰਗ ਕਰਨ ਤੋਂ ਬਾਅਦ ਚੇਅਰਮੈਨ ਮਨਜੀਤ ਸਿੰਘ ਭੋਮਾ ਧਰਮ ਪ੍ਰਚਾਰ ਕਮੇਟੀ ਪੰਜਾਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਂ ਦਰੀ ਤੇ ਉਸਦੇ ਆਲੇ ਦੁਆਲੇ ਦੀ ਜ਼ਮੀਨ ਜਾਇਦਾਦ ਹੜੱਪਣ ਦੀ ਤਾਕ ਰੱਖਣ ਵਾਲੇ ਭੂ ਮਾਫ਼ੀਆ , ਸਰਕਾਰੀ ਅਫਸਰਾਂ ਤੇ ਸਿਆਸਤਦਾਨਾਂ ਦੇ ਗਠਜੋੜ ਦੇ ਨਾਵਾਂ ਦਾ 15 ਦਿਨ ਪਰਦਾਫਾਸ਼ ਕਰਾਂਗੇ।
ਉਹਨਾਂ ਕਿਹਾ ਕਿ ਕਿਸੇ ਵੀ ਕੀਮਤ ਤੇ ਸ਼ਾਹੀ ਬਾਰਾਂ ਦਰੀ ਦੀ ਵਿਰਾਸਤੀ ਬਿਲਡਿੰਗ ਨਾਲ਼ ਕਿਸੇ ਨੂੰ ਛੇੜ ਛਾੜ ਨਹੀਂ ਕਰਨ ਦੇਵਾਂਗੇ ਨਾ ਹੀ ਕਿਸੇ ਨੂੰ ਗ਼ੈਰ ਕਾਨੂੰਨੀ ਤੌਰ ਤੇ ਜ਼ਮੀਨ ਹੜੱਪਣ ਦੀ ਇਜਾਜ਼ਤ ਦੇਵਾਂਗੇ । ਅੱਜ ਭਰਵੇਂ ਇਕੱਠ ਵਿੱਚ ਸੰਗਤ ਰੂਪੀ ਅਰਦਾਸ ਕਰਨ ਤੋਂ ਬਾਅਦ ਮਨਜੀਤ ਸਿੰਘ ਭੋਮਾ ਦੀ ਅਗਵਾਈ ਹੇਠ ਸ਼ਾਹੀ ਬਾਰਾਂ ਦਰੀ ਦੇ ਬਿਲਕੁਲ ਸਿਰੇ ਤੇ ਕੇਸਰੀ ਨਿਸ਼ਾਨ ਸਾਹਿਬ ਜੈਕਾਰਿਆਂ ਤੇ ਨਾਹਰਿਆਂ ਦੀ ਗੂੰਜ ਵਿੱਚ ਝੁਲਾ ਦਿੱਤਾ ਗਿਆ। ਜਿਹਨਾਂ ਸ਼ਰਾਰਤੀ ਅਨਸਰਾਂ ਨੇ ਪਿਛਲੇ ਦਿਨੀਂ ਬਾਰਾਂ ਦਰੀ ਦੀ ਭੰਨਤੋੜ ਕੀਤੀ ਸੀ। ਉਹਨਾਂ ਵਿਰੁੱਧ ਥਾਣਾ ਦੀਨਾ ਨਗਰ ਵਿਖੇ ਲਿਖ਼ਤੀ ਸ਼ਿਕਾਇਤ ਦਰਜ ਕਰਵਾਈ ਗਈ ਤੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ।
ਉਨ੍ਹਾਂ ਜੂਨ ਮਹੀਨੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸ਼ਾਹੀ ਬਾਰਾਂ ਦਰੀ ਵਿਖੇ ਮਨਾਉਣ ਦਾ ਐਲਾਨ ਕੀਤਾ।ਅੱਜ ਦੀ ਮੀਟਿੰਗ ਨੂੰ ਵੱਖ ਵੱਖ ਸ਼ਖਸ਼ੀਅਤਾਂ ਨੇ ਸੰਬੋਧਨ ਕੀਤਾ । ਜਿਸ ਵਿੱਚ ਗੁਰਦੀਪ ਸਿੰਘ ਨਾਜੋਵਾਲ , ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ , ਸੁਖਵਿੰਦਰ ਸਿੰਘ ਪਾਹੜਾ , ਸੁਖਜਿੰਦਰ ਸਿੰਘ ਮਜੀਠਾ , ਕੁਲਦੀਪ ਸਿੰਘ ਮਜੀਠੀਆ , ਦਲਜੀਤ ਸਿੰਘ ਪਾਖਰਪੁਰਾ , ਬਾਬਾ ਸ਼ਵਿੰਦਰ ਸਿੰਘ ਟਾਹਲੀ ਸਾਹਿਬ , ਹਰੀ ਸਿੰਘ ਪੁਰੇਵਾਲ ਪਠਾਨਕੋਟ, ਅਮਨਦੀਪ ਸਿੰਘ ਗੁਰਦਾਸਪੁਰ , ਮਾਸਟਰ ਸਤਨਾਮ ਸਿੰਘ ਪਾਖਰਪੁਰਾ ਸਰਪੰਚ , ਮੰਨੂੰ , ਸੁਰਿੰਦਰ ਸਿੰਘ ਤਾਲਿਬਪੁਰਾ , ਬਲਦੇਵ ਸਿੰਘ ਜਿਆਣੀ , ਮਨੈਜਰ ਸਤਨਾਮ ਸਿੰਘ , ਜਥੇਦਾਰ ਦੀਦਾਰ ਸਿੰਘ ਚੌਧਰਪੁਰਾ, ਮਨਬੀਰ ਸਿੰਘ ਦਾਬਾਵਾਲਾ, ਅਰਸ਼ਦੀਪ ਸਿੰਘ ਢਿੱਲੋਂ ਆਦਿ ਆਗੂ ਹਾਜਰ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























