Punjab: ਖੇਤਾਂ ਨੂੰ ਜਾ ਰਹੇ ਮਾਮੇ ਦੇ ਟਰੈਕਟਰ ਹੇਠਾਂ ਆਇਆ ਭਾਣਜਾ
– ਮਾਂ ਨਾਲ ਨਾਨਕੇ ਆਏ 3 ਸਾਲਾ ਮਾਸੂਮ ਦੀ ਦਰਦਨਾਕ ਮੌਤ
– ਹਾਦਸੇ ਤੋਂ ਬਾਅਦ ਮਚਿਆ ਚੀਕ-ਚਿਹਾੜਾ
ਮੋਗਾ, 30 ਅਗਸਤ (ਵਿਸ਼ਵ ਵਾਰਤਾ) – ਮੋਗਾ ਦੇ ਧਰਮਕੋਟ ਇਲਾਕੇ ਦੇ ਪਿੰਡ ਰੇੜਮਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਿੱਥੇ ਆਪਣੀ ਮਾਂ ਨਾਲ ਨਾਨਕੇ ਘਰ ਆਏ 3 ਸਾਲਾ ਮਾਸੂਮ ਦੀ ਟਰੈਕਟਰ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਾਸੂਮ ਗਗਨਦੀਪ ਸਿੰਘ ਆਪਣੀ ਮਾਂ ਨਾਲ ਨਾਨਕੇ ਘਰ ਆਇਆ ਹੋਇਆ ਸੀ। ਸ਼ੁੱਕਰਵਾਰ ਨੂੰ ਉਸ ਦਾ ਮਾਮਾ ਟਰੈਕਟਰ ਲੈ ਕੇ ਖੇਤਾਂ ਵੱਲ ਜਾਣ ਲਈ ਘਰੋਂ ਨਿਕਲ ਰਿਹਾ ਸੀ। ਇਸ ਦੌਰਾਨ ਬੱਚਾ ਪਿੱਛੋਂ ਦੌੜਦਾ ਹੋਇਆ ਟਰੈਕਟਰ ਦੇ ਨੇੜੇ ਪਹੁੰਚ ਗਿਆ।
ਮਾਮੇ ਨੂੰ ਬੱਚੇ ਦੇ ਪਿੱਛੇ ਆਉਣ ਦਾ ਪਤਾ ਨਹੀਂ ਲੱਗਿਆ। ਜਦੋਂ ਉਸ ਨੇ ਟਰੈਕਟਰ ਪਿੱਛੇ ਕੀਤਾ ਤਾਂ ਗਗਨਦੀਪ ਇਸ ਦੀ ਲਪੇਟ ਵਿੱਚ ਆ ਗਿਆ। ਹਾਦਸੇ ਤੋਂ ਬਾਅਦ ਮੌਕੇ ’ਤੇ ਚੀਕ-ਚਿਹਾੜਾ ਮਚ ਗਿਆ। ਗੰਭੀਰ ਸੱਟਾਂ ਕਾਰਨ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਣ ’ਤੇ ਧਰਮਕੋਟ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ ਹੈ। ਪੁਲਿਸ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਘਟਨਾ ਦੀ ਜਾਂਚ ਜਾਰੀ ਹੈ। ਮਾਸੂਮ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ ਅਤੇ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























