ਨਗਰ ਕੌਂਸਲ ਚੋਣਾਂ : ਸ਼ਾਮ ਚੁਰਾਸੀ ‘ਆਪ’ ਨੇ ਮਾਰੀ ਬਾਜ਼ੀ
– ਦੀਨਾਨਗਰ, ਗੁਰਦਾਸਪੁਰ ’ਚ ਕਾਂਗਰਸ ਦਾ ਕਬਜ਼ਾ
– ਕਾਦੀਆਂ ‘ਚ ਫਸਿਆ ਪੇਚ
ਗੁਰਦਾਸਪੁਰ, 13 ਜੂਨ 2026 (ਵਿਸ਼ਵ ਵਾਰਤਾ): ਗੁਰਦਾਸਪੁਰ, ਦੀਨਾਨਗਰ, ਕਾਦੀਆਂ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸ਼ਾਮ ਚੁਰਾਸੀ ਨਗਰ ਕੌਂਸਲ ਲਈ ਅੱਜ ਅਮਨ – ਅਮਾਨ ਨਾਲ ਵੋਟਿੰਗ ਪ੍ਰੀਕਿਰਿਆ ਮੁਕੰਮਲ ਹੋਈ । ਵੋਟਿੰਗ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਇਨ੍ਹਾਂ ਚੋਣਾਂ ਦਾ ਨਤੀਜਾ ਵੀ ਸਾਹਮਣੇ ਆ ਗਿਆ ਹੈ। ਸ਼ਾਮ ਚੁਰਾਸੀ ’ਚ ‘ਆਪ’ ਨੇ ਬਾਜ਼ੀ ਮਾਰੀ ਹੈ। ਸ਼ਾਮ ਚੁਰਾਸੀ ਨਗਰ ਕੌਂਸਲ ਚੋਣਾਂ ਵਿੱਚ 9 ਵਿਚੋਂ 6 ਉਤੇ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ । ਵਾਰਡ ਨੰਬਰ 1, 2, 3,4, 7 ਅਤੇ 8 ਉਤੇ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ । ਵਾਰਡ ਨੰਬਰ 5 ਤੇ 6 ਕਾਂਗਰਸ ਅਤੇ ਵਾਰਡ ਨੰਬਰ 9 ਉਤੇ ਆਜ਼ਾਦ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ।
ਦੀਨਾਨਗਰ ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜੇ ਵੀ ਸਾਹਮਣੇ ਆ ਗਏ ਹਨ, ਜਿਨ੍ਹਾਂ ਵਿੱਚ ਕਾਂਗਰਸ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਹਨ। ਚੋਣ ਨਤੀਜਿਆਂ ਅਨੁਸਾਰ ਕਾਂਗਰਸ ਨੂੰ 8 ਸੀਟਾਂ ਪ੍ਰਾਪਤ ਹੋਈਆਂ ਹਨ, ਜਦਕਿ ਆਮ ਆਦਮੀ ਪਾਰਟੀ (AAP) ਨੇ 4 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ।ਭਾਰਤੀ ਜਨਤਾ ਪਾਰਟੀ (BJP) ਨੂੰ 1 ਸੀਟ ਮਿਲੀ ਹੈ।
ਗੁਰਦਾਸਪੁਰ ’ਚ ਵੀ ਕਾਂਗਰਸ ਦੀ ਵੱਡੀ ਜਿੱਤ ਹੋਈ ਹੈ। ਜਦਕਿ ਕਾਦੀਆਂ ‘ਚ ਕਿਸੇ ਨੂੰ ਬਹੁਮਤ ਨਹੀਂ ਮਿਲਿਆ । ਕਾਦੀਆਂ ‘ਚ ਕੁੱਲ 15 ਸੀਟਾਂ ਚੋ ‘ਆਪ’ ਦੇ ਹਿੱਸੇ 2 ਸੀਟਾਂ ਆਈਆਂ, ਕਾਂਗਰਸ 4 ’ਤੇ ਕਾਬਜ਼ ਹੋਈ ਅਤੇ ਅਕਾਲੀ ਦਲ ਨੂੰ 6 ਸੀਟਾਂ ਮਿਲੀਆਂ, ਆਜ਼ਾਦ 2 ਸੀਟਾਂ ਤੇ ਬੀਜੇਪੀ ਨੂੰ 1 ਸੀਟ ਮਿਲੀ । ਦੱਸ ਦਈਏ ਕਿ ਇਨ੍ਹਾਂ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਵੋਟਿੰਗ ਪ੍ਰੀਕਿਰਿਆ ਜਾਰੀ ਰਹੀ।























