Punjab: ਲੁਧਿਆਣਾ ਪੱਛਮੀ ਜ਼ਿਮਨੀ ਚੋਣ ‘ਚ ‘ਆਪ’ ਦੀ ਵੱਡੀ ਜਿੱਤ
– 10,637 ਵੋਟਾਂ ਨਾਲ ਜਿੱਤੇ ਸੰਜੀਵ ਅਰੋੜਾ, CM ਮਾਨ ਨੇ ਦਿੱਤੀ ਵਧਾਈ

ਲੁਧਿਆਣਾ, 23 ਜੂਨ (ਵਿਸ਼ਵ ਵਾਰਤਾ): ਆਮ ਆਦਮੀ ਪਾਰਟੀ ਨੇ ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਹੋਈ ਉਪ ਚੋਣ ਜਿੱਤ ਲਈ ਹੈ। ‘ਆਪ’ ਦੇ ਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ ਸੀਟ ‘ਤੇ 10,637 ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਜਿੱਤ ਦਾ ਝੰਡਾ ਲਹਿਰਾਇਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ 35,179 ਵੋਟਾਂ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੇ 24,542 ਵੋਟਾਂ ਪ੍ਰਾਪਤ ਕੀਤੀਆਂ। ਭਾਜਪਾ ਦੇ ਜੀਵਨ ਗੁਪਤਾ 20,323 ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੇ।
ਇਸ ਸੀਟ ‘ਤੇ ਉਪ ਚੋਣ ਲਈ ਵੋਟਿੰਗ 19 ਜੂਨ ਨੂੰ ਹੋਈ ਸੀ, ਜਿਸ ਵਿੱਚ 51.33% ਵੋਟਰਾਂ ਨੇ ਵੋਟ ਪਾਈ ਸੀ। ਇਸ ਵਾਰ ਕੁੱਲ 14 ਉਮੀਦਵਾਰ ਚੋਣ ਮੈਦਾਨ ‘ਚ ਸਨ ਪਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸਖਤ ਮੁਕਾਬਲਾ ਨਜ਼ਰ ਆਇਆ। ਸੀਐਮ ਮਾਨ ਨੇ ‘ਆਪ’ ਦੇ ਸੰਜੀਵ ਅਰੋੜਾ ਜੀ ਨੂੰ ਭਾਰੀ ਲੀਡ ਨਾਲ ਜਿਤਾਉਣ ਲਈ ਲੁਧਿਆਣਾ ਪੱਛਮੀ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ
‘ਆਪ’ ਦੀ ਲੀਡ 3 ਦੌਰਾਂ ਤੱਕ ਲਗਾਤਾਰ ਵਧਦੀ ਰਹੀ, ਪਰ ਚੌਥੇ, ਪੰਜਵੇਂ ਅਤੇ ਛੇਵੇਂ ਦੌਰ ਵਿੱਚ ਘੱਟ ਗਈ। ਕਾਂਗਰਸ ਉਮੀਦਵਾਰ ਨੂੰ ਤਿੰਨਾਂ ਦੌਰਾਂ ਵਿੱਚ ਵੱਧ ਵੋਟਾਂ ਮਿਲੀਆਂ। 3 ਦੌਰਾਂ ਵਿੱਚ ਘੱਟਣ ਤੋਂ ਬਾਅਦ, ‘ਆਪ’ ਦੀ ਲੀਡ 7ਵੇਂ ਦੌਰ ਤੋਂ ਫਿਰ ਵਧਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਲਗਾਤਾਰ ਵਧਦੀ ਲੀਡ ਵੇਖ ਵਰਕਰਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਆਪ ਵਰਕਰਾਂ ਨੇ ਢੋਲ ਦੀ ਥਾਪ ‘ਤੇ ਭੰਗੜਾ ਪਾਇਆ।























