Punjab : ਲੁਧਿਆਣਾ ਪੱਛਮੀ ਜ਼ਿਮਨੀ ਚੋਣ; ‘ਆਪ’ ਵੱਲੋਂ ਮੈਗਾ ਰੋਡ ਸ਼ੋਅ
– ਵੱਡੀ ਗਿਣਤੀ ‘ਚ ਪੁੱਜੇ ਲੋਕ ਤੇ ਪਾਰਟੀ ਵਰਕਰ
– ਕੁਝ ਹੀ ਸਮੇਂ ‘ਚ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਸੰਜੀਵ ਅਰੋੜਾ

ਲੁਧਿਆਣਾ, 30 ਮਈ (ਵਿਸ਼ਵ ਵਾਰਤਾ): ਲੁਧਿਆਣਾ (ਪੱਛਮੀ) ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਅੱਜ ਘੁਮਾਰ ਮੰਡੀ ਵਿੱਚ ਮੈਗਾ ਰੋਡ ਸ਼ੋਅ ਕੱਢਿਆ ਗਿਆ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਦਿੱਲੀ ਦੇ ਸਾਬਕਾ ਮੰਤਰੀ ਆਤਿਸ਼ੀ, ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਨੇ ਰੋਡ ਸ਼ੋਅ ਵਿੱਚ ਹਿੱਸਾ ਲਿਆ ਹੈ।
ਇਹ ਰੋਡ ਸ਼ੋਅ ਆਰਤੀ ਚੌਕ ਤੋਂ ਸ਼ੁਰੂ ਹੋ ਕੇ ਭਾਈ ਬਾਲਾ ਚੌਕ ਰਾਹੀਂ ਮਿੰਨੀ ਸਕੱਤਰੇਤ ਦੇ ਬਾਹਰ ਸਮਾਪਤ ਹੋਵੇਗਾ। ਰੋਡ ਸ਼ੋਅ ਤੋਂ ਬਾਅਦ, ਸੰਜੀਵ ਅਰੋੜਾ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਪ੍ਰੋਗਰਾਮ ਵਿੱਚ ਵੱਡੀ ਗਿਣਤੀ ‘ਚ ਪਾਰਟੀ ਵਰਕਰ ਅਤੇ ਸਥਾਨਕ ਲੋਕ ਸ਼ਾਮਿਲ ਹੋਏ। ਪੂਰੇ ਇਲਾਕੇ ਵਿੱਚ ਚੋਣ ਮਾਹੌਲ ਆਪਣੇ ਸਿਖਰ ‘ਤੇ ਹੈ।
ਦੱਸ ਦਈਏ ਕਿ ਬੀਤੇ ਕੱਲ ਨਾਮਜ਼ਦਗੀਆਂ ਦੇ ਚੌਥੇ ਦਿਨ 4 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 64- ਲੁਧਿਆਣਾ ਪੱਛਮੀ ਸੀਟ ਲਈ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅਤੇ ਮਮਤਾ ਆਸ਼ੂ (ਕਵਰਿੰਗ ਉਮੀਦਵਾਰ) ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਅਤੇ ਅਰਵਿੰਦਰ ਕੌਰ ਘੁੰਮਣ (ਕਵਰਿੰਗ ਉਮੀਦਵਾਰ) ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ। ਇਸ ਤੋਂ ਪਹਿਲਾਂ ਬੀਤੇ ਦਿਨ 28 ਮਈ ਨੂੰ 1 ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























