Punjab: ਥਾਣਾ ਜੰਡਿਆਲਾ ਗੁਰੂ ਦਾ SHO ਸਸਪੈਂਡ, ਪੜ੍ਹੋ ਕੀ ਹੈ ਮਾਮਲਾ
ਜੰਡਿਆਲਾ ਗੁਰੂ, 20 ਮਾਰਚ 2026 (ਵਿਸ਼ਵ ਵਾਰਤਾ) – ਅੰਮ੍ਰਿਤਸਰ ਦੇ ਡੀ. ਸੀ. ਦਲਵਿੰਦਰਜੀਤ ਸਿੰਘ ਅਤੇ ਐੱਸ. ਐੱਸ. ਪੀ. ਦਿਹਾਤੀ ਸੁਹੈਲ ਕਾਸਿਮ ਮੀਰ ਵੱਲੋਂ ਥਾਣਾ ਜੰਡਿਆਲਾ ਗੁਰੂ ਦਾ SHO ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ ਮਾਮਲੇ ‘ਚ ਇਹ ਕਾਰਵਾਈ ਕੀਤੀ ਗਈ ਹੈ ਇਹ ਮਾਮਲਾ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਪੰਜਾਬ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨਾਲ ਜੁੜਿਆ ਹੋਇਆ ਹੈ। ਜਿਸ ਤੋਂ ਬਾਅਦ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੀ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਕਲਮ-ਛੋੜ ਹੜਤਾਲ ਵੀ ਖ਼ਤਮ ਹੋ ਗਈ ਹੈ। ਇਹ ਹੀ ਨਹੀਂ ਇਸ ਮਾਮਲੇ ‘ਚ ਕੇਸ ਦਰਜ ਕਰਨ ਲਈ ਇਕ ‘ਸਿੱਟ’ ਗਠਿਤ ਕਰ ਦਿੱਤੀ ਗਈ ਹੈ, ਜਿਸ ਵਿਚ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਸ਼ਾਮਲ ਕੀਤੇ ਗਏ ਹਨ।
ਅਸਲ ‘ਚ ਇਹ ਮਾਮਲਾ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਪੰਜਾਬ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਅਤੇ ਜਲੰਧਰ ਦੇ ਪ੍ਰਧਾਨ ’ਤੇ ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਨਰੇਸ਼ ਕੁਮਾਰ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੇ ਗਏ ਕਥਿਤ ਤਸ਼ੱਦਦ ਦੇ ਦੋਸ਼ਾਂ ਨਾਲ ਸਬੰਧਿਤ ਸੀ। ਅਸਲ ‘ਚ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਪਿੰਡ ਨੰਗਲ ਦੇ ਰਹਿਣ ਵਾਲੇ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਪੰਜਾਬ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੂੰ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਐੱਸ. ਐੱਚ. ਓ. ‘ਤੇ ਉਸ ਦੀ ਟੀਮ ‘ਤੇ ਦੋਸ਼ ਲੱਗ ਰਹੇ ਸਨ ਨੰਗਲ ਨਾਲ ਪੁਲਸ ਨੇ ਜਿੱਥੇ ਗਾਲੀ-ਗਲੋਚ ਕੀਤਾ, ਜਾਤੀਸੂਚਕ ਸ਼ਬਦਾਂ ਦੀ ਵਰਤੋਂ, ਉਨ੍ਹਾਂ ਦਾ ਦੁਮਾਲਾ ਉਤਾਰਿਆ ਅਤੇ ਕਛਹਿਰੇ ਦਾ ਨਾਲਾ ਵੀ ਕੱਢਿਆ ਗਿਆ। ਇਸ ਘਟਨਾ ਤੋਂ ਬਾਅਦ ਅਗਲੇ ਦਿਨ ਪੂਰੇ ਪੰਜਾਬ ਦੇ ਕਰਮਚਾਰੀਆਂ ਵੱਲੋਂ ਨੈਸ਼ਨਲ ਹਾਈਵੇਅ ਨੂੰ ਤਿੰਨ ਘੰਟਿਆਂ ਤੱਕ ਜਾਮ ਰੱਖਿਆ ਗਿਆ ਅਤੇ ਉਦੋਂ ਤੋਂ ਹੀ ਉਹ ਸੰਘਰਸ਼ ਦੇ ਰਾਹ ‘ਤੇ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























