
ਜਗਤਾਰ ਸਿੰਘ ਹਵਾਰਾ ਨੂੰ ਵੱਡੀ ਰਾਹਤ
– ਮੋਹਾਲੀ ਅਦਾਲਤ ਨੇ ਇਸ ਮਾਮਲੇ ‘ਚ ਕੀਤਾ ਬਰੀ
ਚੰਡੀਗੜ੍ਹ, 19 ਮਈ (ਵਿਸ਼ਵ ਵਾਰਤਾ): ਪੰਜਾਬ (Punjab) ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ‘ਚ ਦੋਸ਼ੀ ਜਗਤਾਰ ਸਿੰਘ ਹਵਾਰਾ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ 20 ਸਾਲ ਪੁਰਾਣੇ ਇੱਕ ਹੋਰ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਜਗਤਾਰ ਸਿੰਘ ਹਵਾਰਾ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਹੋਇਆ। ਮੁਹਾਲੀ ਅਦਾਲਤ ਨੇ ਜਗਤਾਰ ਸਿੰਘ ਹਵਾਰਾ ਨੂੰ ਸਾਲ 2005 ਵਿਚ ਥਾਣਾ ਸਦਰ ਖਰੜ ਵਿਖੇ ਦਰਜ ਵਿਸਫੋਟਕ ਸਮੱਗਰੀ ਐਕਟ ਅਤੇ ਅਸਲਾ ਐਕਟ ਤਹਿਤ ਦਰਜ ਇਕ ਮਾਮਲੇ ਵਿਚ ਬਰੀ ਕਰ ਦਿੱਤਾ ਹੈ।
ਹਵਾਰਾ ਦੇ ਵਕੀਲ ਨੇ ਦੱਸਿਆ ਕਿ ਅੱਜ ਮੁਹਾਲੀ ਅਦਾਲਤ ਵਿਖੇ ਜਗਤਾਰ ਸਿੰਘ ਦੀ ਵੀਡਿਓ ਕਾਨਫਰੰਸ ਰਾਹੀਂ ਪੇਸ਼ੀ ਹੋਈ। ਇਸ ਦੌਰਾਨ ਉਨ੍ਹਾਂ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤੇਜ ਪ੍ਰਤਾਪ ਸਿੰਘ ਰੰਧਾਵਾ ਨੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5 ਨਾਲ ਅਸਲਾ ਐਕਟ ਦੀ ਧਾਰਾ 25, 54 ਅਤੇ 59 ਤਹਿਤ ਦਰਜ ਮਾਮਲੇ ਵਿਚ ਬਰੀ ਕਰ ਦਿੱਤਾ ਹੈ। ਦੱਸ ਦਈਏ ਕਿ ਚੰਡੀਗੜ੍ਹ ਵਿੱਚ ਵਿਸਫੋਟਕ ਅਤੇ ਦੇਸ਼ਧ੍ਰੋਹ ਦੇ ਦੋ ਮਾਮਲਿਆਂ ਵਿੱਚੋਂ ਜਗਤਾਰ ਸਿੰਘ ਹਵਾਰਾ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























