PUNJAB : ਸਾਹਿਤ ਨਵਯੁਗ ਦੇ ਪਹਿਲੇ ਪੰਜਾਬੀ ਨਾਟਕਕਾਰ ਪ੍ਰੋ. ਈਸ਼ਵਰ ਚੰਦਰ ਨੰਦਾ ਦੇ ਜਨਮ ਦਿਨ ’ਤੇ – ਗੁਰਭਜਨ ਗਿੱਲ

ਚੰਡੀਗੜ੍ਹ, 30ਸਤੰਬਰ(ਵਿਸ਼ਵ ਵਾਰਤਾ) PUNJAB :ਪ੍ਰਥਮ ਪੰਜਾਬੀ ਨਾਟਕਕਾਰ ਪ੍ਰੋ. ਈਸ਼ਵਰ ਚੰਦਰ ਨੰਦਾ ਦਾ ਜਨਮ 30 ਸਤੰਬਰ 1892 ਨੂੰ ਪਿੰਡ ਗਾਂਧੀਆਂ ਪਨਿਆੜਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਲਾਲਾ ਭਾਗਮਲ ਦੇ ਘਰ ਹੋਇਆ। ਬਚਪਨ ਵਿੱਚ ਹੀ ਪਿਤਾ ਦੀ ਮੌਤ ਹੋ ਜਾਣ ਕਾਰਨ ਉਸਨੇ ਬੜੀ ਗ਼ਰੀਬੀ ਦੇ ਦਿਨ ਦੇਖੇ ਪਰ ਫਿਰ ਵੀ ਪੜ੍ਹਨ ਦੀ ਲਗਨ ਮੱਧਮ ਨਾ ਪੈਣ ਦਿੱਤੀ। ਦਿਆਲ ਸਿੰਘ ਕਾਲਜ, ਲਾਹੌਰ ਵਿੱਚੋਂ ਉਸਨੇ ਪਹਿਲਾਂ ਬੀ.ਏ. ਆਨਰਜ਼ ਅਤੇ ਫੇਰ ਅੰਗਰੇਜ਼ੀ ਦੀ ਐੱਮ.ਏ.ਪੰਜਾਬ ਯੂਨੀਵਰਸਿਟੀ ਲਾਹੌਰ ਵਿਚੋਂ ਅੱਵਲ ਰਹਿਕੇ ਪਾਸ ਕੀਤੀ।ਫਿਰ ਉਹ ਦਿਆਲ ਸਿੰਘ ਕਾਲਜ ਵਿੱਚ ਹੀ ਅੰਗਰੇਜ਼ੀ ਦੇ ਲੈਕਚਰਾਰ ਲਗ ਗਏ।
ਉਨ੍ਹਾਂ ਨੂੰ ਬਚਪਨ ਤੋਂ ਹੀ ਰਾਸ ਲੀਲ੍ਹਾ,ਰਾਮ ਲੀਲ੍ਹਾ,ਲੋਕ ਨਾਟਕ, ਖੇਡਾਂ ਅਤੇ ਤਮਾਸ਼ੇ ਆਦਿ ਵੇਖਣ ਦਾ ਬਹੁਤ ਸ਼ੌਂਕ ਸੀ। ਸਕੂਲ ਦੇ ਦਿਨਾਂ ਵਿੱਚ ਉਸ ਨੇ ਆਪ ਨਾਟਕਾਂ ਵਿੱਚ ਅਦਾਕਾਰੀ ਕੀਤੀ। ਕਾਲਜ ਦੀ ਪੜ੍ਹਾਈ ਦੌਰਾਨ ਉਸ ਦਾ ਮੇਲ, ਨਾਟਕ ਵਿੱਚ ਉਤਸ਼ਾਹ ਰੱਖਣ ਵਾਲੀ ਇੱਕ ਪ੍ਰੋਫੈਸਰ ਦੀ ਪਤਨੀ,ਮਿਸਿਜ਼ ਨੌਰਾ ਰਿਚਰਡਜ਼ ਨਾਲ਼ ਹੋਇਆ। ਉਸ ਦੀ ਪ੍ਰੇਰਨਾ ਸਦਕਾ ਆਈ. ਸੀ. ਨੰਦਾ ਨੇ ਨਾਟਕ ਲਿਖਣੇ ਤੇ ਖੇਡਣੇ ਸ਼ੁਰੂ ਕਰ ਦਿੱਤੇ। ‘ਦੁਲਹਨ’ ਉਸ ਦਾ ਪਹਿਲਾ ਇਕਾਂਗੀ ਸੀ, ਜੋ ਉਸ ਨੇ ਸੰਨ 1913 ਵਿੱਚ ਕਿਸੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਲਿਖਿਆ ਅਤੇ ਪਹਿਲਾ ਇਨਾਮ ਹਾਸਲ ਕੀਤਾ।ਇਸ ਤੋਂ ਬਾਅਦ ਨੰਦਾ ਨੇ ਪੰਜਾਬੀ ਨਾਟਕ ਸਾਹਿਤ ਨੂੰ ਚਾਰ ਪੂਰੇ ਨਾਟਕ ਸੁਭੱਦਰਾ (1920)ਵਰ ਘਰ ਜਾਂ ਲਿਲੀ ਦਾ ਵਿਆਹ (1928 ਈ:)ਸ਼ਾਮੂ ਸ਼ਾਹ (1928)ਤੇ ਸੋਸ਼ਲ ਸਰਕਲ (1949)ਦਿਤੇ।
ਪ੍ਰੋ. ਨੰਦਾ ਦੇ ਇਕਾਂਗੀ ਸੰਗ੍ਰਿਹ ਝਲਕਾਰੇ, ਲਿਸ਼ਕਾਰੇ ਤੇ ਚਮਕਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕੀਤੇ ਸਨ।
ਪ੍ਰੋ ਹਰਚਰਨ ਸਿੰਘ ਨੇ ਉਨਾਂ ਦੇ ਸੰਪੂਰਨ ਨਾਟਕ ਸੰਪਾਦਿਤ ਕੀਤੇ। ਉਨ੍ਹਾਂ ਦਾ 3 ਸਤੰਬਰ 1965 ਨੂੰ ਦਿਹਾਂਤ ਹੋ ਗਿਆ।
ਉਨ੍ਹਾਂ ਦੇ ਜਨਮ ਦਿਹਾੜੇ ਤੇ ਸਾਹਿੱਤ ਜਗਤ ਦੀ ਉਦਾਸੀਨਤਾ ਵੇਖ ਕੇ ਦੁਸ਼ਿਅੰਤ ਕੁਮਾਰ ਦਾ ਸ਼ਿਅਰ ਚੇਤੇ ਆ ਰਿਹੈ।
ਅਬ ਕਿ ਇਸ ਸ਼ਹਿਰ ਮੇਂ ਬਾਰਾਤ ਹੋ ਯਾ ਵਾਰਦਾਤ,
ਅਬ ਕਿਸੀ ਭੀ ਬਾਤ ਪਰ ਖੁੱਲਤੀ ਨਹੀਂ ਹੈਂ ਖਿੜਕੀਆਂ।
ਚਲੋ! ਖਿੜਕੀਆਂ ਖੋਲ੍ਹੀਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























