Punjab : ਭਾਰਤ ਦੇ ਸਾਬਕਾ ਵਿਦੇਸ਼ ਸਕੱਤਰ ਦੀ ਭਾਰਤੀ ਹਕੂਮਤ ਜੁਆਬ ਤਲਬੀ ਕਰੇ: ਕਰਨੈਲ ਸਿੰਘ ਪੀਰ ਮੁਹੰਮਦ
ਚੰਡੀਗੜ੍ਹ, 23 ਅਕਤੂਬਰ 2025 (ਵਿਸ਼ਵ ਵਾਰਤਾ): ਸ਼ੋਮਣੀ ਅਕਾਲੀ ਦਲ (Punjab) ਦੇ ਮੁੱਖ ਬੁਲਾਰੇ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਸਮੇਂ-ਸਮੇਂ ’ਤੇ ਸਿੱਖਾਂ ਖਿਲਾਫ਼ ਨਫ਼ਰਤ ਫੈਲਾਉਣ ਲਈ ਸੋਸ਼ਲ ਮੀਡੀਆ ’ਤੇ ਸੋਚੇ-ਸਮਝੇ ਏਜੰਡੇ ਚਲਾਏ ਜਾਂਦੇ ਹਨ। ਸਿੱਖ ਜੇ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਜਾਂ ਲਿਖਣ, ਤਾਂ ਉਹਨਾਂ ਉੱਤੇ ਤੁਰੰਤ ਪਰਚੇ ਦਰਜ਼ ਹੋ ਜਾਂਦੇ ਹਨ, ਪਰ ਜਿਹੜੇ ਸਿੱਖਾਂ ਖਿਲਾਫ਼ ਨਫ਼ਰਤ ਤੇ ਜ਼ਹਿਰ ਫੈਲਾ ਰਹੇ ਹਨ, ਉਹਨਾਂ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ । ਪੀਰ ਮੁਹੰਮਦ ਨੇ ਦੋਸ਼ ਲਗਾਇਆ ਕਿ ਹੁਣ ਇਸੀ ਨਫ਼ਰਤੀ ਏਜੰਡੇ ਦੇ ਤਹਿਤ ‘ਬੰਦੀ ਛੋੜ ਦਿਵਸ’ ਵਰਗੇ ਸਿੱਖ ਪਵਿੱਤਰ ਤਿਉਹਾਰ ਖਿਲਾਫ਼ ਵੀ ਜ਼ਹਿਰ ਉਗਲਿਆ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਜਿਹੜੇ ਤਿਉਹਾਰ ਖੁਸ਼ੀ, ਆਜ਼ਾਦੀ ਤੇ ਭਾਈਚਾਰੇ ਦੀ ਸਾਂਝ ਦੇ ਪ੍ਰਤੀਕ ਹਨ, ਉਹਨਾਂ ਨੂੰ ਫਿਰਕੂ ਨਫ਼ਰਤ ਦੀ ਨਿਗਾਹ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਪੀਰ ਮੁਹੰਮਦ ਨੇ ਕਿਹਾ ਕਿ ਦੇਸ਼ – ਵਿਦੇਸ਼ਾਂ ਦੇ ਨੇਤਾ ਜਦੋਂ ਸਿੱਖ ਭਾਈਚਾਰੇ ਨੂੰ ‘ਬੰਦੀ ਛੋੜ ਦਿਵਸ’ ਦੀਆਂ ਮੁਬਾਰਕਾਂ ਦੇ ਰਹੇ ਹਨ, ਉਹਨਾਂ ’ਤੇ ਨਫ਼ਰਤੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ — ਜੋ ਸਿਰਫ਼ ਸਿੱਖਾਂ ਨਹੀਂ, ਸਾਰੇ ਦੇਸ਼ ਦੀ ਸਾਂਝੀ ਸੱਭਿਆਚਾਰਕ ਰੂਹ ਦੇ ਖਿਲਾਫ਼ ਹਨ ।
ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਮੁਲਕ ਭਰ ਵਿੱਚ ਸਿੱਖਾਂ ਪ੍ਰਤੀ ਅਜਿਹੀ ਨਫ਼ਰਤ ਫੈਲਾਈ ਜਾ ਰਹੀ ਹੈ ਜਿਹੜੀ ਉਨ੍ਹਾਂ ਖ਼ਿਲਾਫ਼ ਕਿਸੇ ਵੇਲੇ ਵੀ ਵੱਡੀ ਹਿੰਸਾ ਦਾ ਕਾਰਨ ਬਣ ਸਕਦੀ ਹੈ, ਸਗੋਂ ਵਿਦੇਸ਼ਾਂ ਵਿੱਚ ਵੀ ਇਹੋ ਜਿਹੇ ਨਫ਼ਰਤੀ ਪ੍ਰਚਾਰ ਨਾਲ ਮੁਲਕ ਦੇ ਅਕਸ ‘ਤੇ ਮਾੜਾ ਅਸਰ ਪੈਂਦਾ ਹੈ ।
ਜਦੋਂ ਭਾਰਤ ਦਾ ਸਾਬਕਾ ਵਿਦੇਸ਼ ਸਕੱਤਰ ਬੰਦੀ ਛੋੜ ਦਿਵਸ ਪ੍ਰਤੀ ਇਹੋ ਜਿਹੀ ਟਿੱਪਣੀ ਕਰੇ ਤਾਂ ਇਹ ਵੱਡੇ ਦੁੱਖ ਦੀ ਗੱਲ ਹੈ । ਬਿਨਾਂ ਰੋਕ ਟੋਕ ਹੋ ਰਿਹਾ ਇਹ ਸਾਰਾ ਪ੍ਰਚਾਰ ਸਿੱਖਾਂ ਵਿੱਚ ਬੇਗਾਨਗੀ ਦੀ ਭਾਵਨਾ ਨੂੰ ਵਧਾਉਂਦਾ ਹੈ, ਜਦਕਿ ਪੁਰਾਣੇ ਜ਼ਖ਼ਮਾਂ ਤੇ ਮੱਲ੍ਹਮ ਲੱਗ ਨਹੀਂ ਰਹੀ । ਦੁੱਖ ਦੀ ਗੱਲ ਹੈ ਕਿ ਇਸ ਨਫ਼ਰਤੀ ਮੁਹਿੰਮ ’ਤੇ ਵਿਦੇਸ਼ ਮੰਤਰਾਲਾ ਤੇ ਬਾਕੀ ਦੀ ਭਾਰਤ ਸਰਕਾਰ ਵੀ ਚੁੱਪ ਹੈ, ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀ ਚੁੱਪੀ ਵੀ ਇਹ ਦਰਸਾਉਂਦੀ ਹੈ ਕਿ ਉਹ ਸਿੱਖਾਂ ਖਿਲਾਫ਼ ਫੈਲਾਈ ਜਾ ਰਹੀ ਨਫ਼ਰਤ ’ਤੇ ਕਿੰਨੀ ਸਹਿਮਤ ਹੈ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























