Punjab ਰਾਜ ਅਤੇ ਚੰਡੀਗੜ੍ਹ (ਯੂ.ਟੀ.) ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਮਨੁੱਖੀ ਅਧਿਕਾਰ ਲੀਡਰਸ਼ਿਪ ਕੰਕਲੇਵ 2026 ਦਾ ਆਯੋਜਨ
– ਡਾ. ਦੀਪਕ ਸਿੰਗਲਾ ਚੰਡੀਗੜ੍ਹ ਕੋਰ ਕਮੇਟੀ ਦੇ ਮੈਂਬਰ ਨਿਯੁਕਤ
ਚੰਡੀਗੜ੍ਹ, 5 ਅਪ੍ਰੈਲ (ਵਿਸ਼ਵ ਵਾਰਤਾ) – ਪੰਜਾਬ ਰਾਜ ਅਤੇ ਚੰਡੀਗੜ੍ਹ (ਯੂ.ਟੀ.) ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਮਿਊਂਸਿਪਲ ਭਵਨ, ਸੈਕਟਰ 35, ਚੰਡੀਗੜ੍ਹ ਵਿੱਚ “ਮਨੁੱਖੀ ਅਧਿਕਾਰ ਲੀਡਰਸ਼ਿਪ ਕੰਕਲੇਵ 2026” ਦਾ ਸਫਲ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਪ੍ਰਸਿੱਧ ਮਹਿਮਾਨਾਂ, ਨਿਆਂਪਾਲਿਕਾ ਦੇ ਮੈਂਬਰਾਂ, ਸੀਨੀਅਰ ਅਧਿਕਾਰੀਆਂ, ਵਿਦਵਾਨਾਂ, ਸਮਾਜ ਸੇਵੀਆਂ ਅਤੇ ਪੰਜਾਬ ਅਤੇ ਚੰਡੀਗੜ੍ਹ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕੋਰ ਗਰੁੱਪ ਮੈਂਬਰਾਂ ਨੇ ਭਾਗ ਲਿਆ।
ਇਸ ਸਮਾਗਮ ਸ਼ੁਰੂਆਤ ਕੋਰ ਗਰੁੱਪ ਮੈਂਬਰਾਂ ਦੀ ਰਜਿਸਟ੍ਰੇਸ਼ਨ ਨਾਲ ਹੋਈ, ਜਿਸ ਤੋਂ ਬਾਅਦ ਉਦਘਾਟਨੀ ਸੈਸ਼ਨ ਰਾਸ਼ਟਰੀ ਗੀਤ ਅਤੇ ਦੀਵਾ ਜਗਾਉਣ ਦੀ ਰਸਮ ਨਾਲ ਹੋਇਆ, ਜਿਸ ਤੋਂ ਬਾਅਦ ਭੰਗੜਾ ਪੇਸ਼ਕਾਰੀ ਕੀਤੀ ਗਈ। ਚੇਅਰਪਰਸਨ ਅਤੇ ਕਮਿਸ਼ਨ ਦੇ ਮੈਂਬਰਾਂ ਵੱਲੋਂ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਕੰਕਲੇਵ ਦੀ ਮੁੱਖ ਵਿਸ਼ੇਸ਼ਤਾ ਕੋਰ ਗਰੁੱਪ ਮੈਂਬਰਾਂ ਦੀ ਸਰਗਰਮ ਭਾਗੀਦਾਰੀ ਅਤੇ ਉਨ੍ਹਾਂ ਦੀ ਸ਼ਮੂਲੀਅਤ ਰਹੀ। ਇਹ ਮੈਂਬਰ ਮਨੁੱਖੀ ਅਧਿਕਾਰ ਉਲੰਘਨਾਂ ਦੇ ਮਾਮਲਿਆਂ ਦੀ ਪਛਾਣ ਕਰਨ, ਜਾਗਰੂਕਤਾ ਫੈਲਾਉਣ ਅਤੇ ਜਨਤਾ ਅਤੇ ਕਮਿਸ਼ਨ ਵਿਚਕਾਰ ਸੰਚਾਰ ਬਣਾਉਣ ਵਿੱਚ ਮਦਦ ਕਰਦੇ ਹਨ।
ਦੱਸ ਦਈਏ ਕਿ ਇਸ ਸਮਾਗਮ ਦੌਰਾਨ ਡਾ. ਦੀਪਕ ਸਿੰਗਲਾ ਨੂੰ ਚੰਡੀਗੜ੍ਹ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਕੋਰ ਗਰੁੱਪ ਮੈਂਬਰਾਂ ਨੂੰ ਹੇਠ ਲਿਖੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ:
ਸਥਾਨਕ ਪੱਧਰ ‘ਤੇ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਉਣਾ
ਪੀੜਤਾਂ ਨੂੰ ਕਮਿਸ਼ਨ ਤੱਕ ਪਹੁੰਚਣ ਅਤੇ ਇਨਸਾਫ ਲੈਣ ਵਿੱਚ ਮਦਦ ਕਰਨਾ
ਮਨੁੱਖੀ ਅਧਿਕਾਰ ਉਲੰਘਨਾ ਦੇ ਮਾਮਲਿਆਂ ਦੀ ਰਿਪੋਰਟ ਕਰਨਾ
ਕਮਿਸ਼ਨ ਵੱਲੋਂ ਕਰਵਾਏ ਜਾਂਦੇ ਟ੍ਰੇਨਿੰਗ, ਰਿਸਰਚ ਅਤੇ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਭਾਗ ਲੈਣਾ
ਇਸ ਸਮਾਗਮ ਵਿੱਚ ਜਸਟਿਸ ਹਰਕੇਸ਼ ਮਨੂਜਾ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੇ ਨਾਲ ਹੀ ਰਾਜ ਲਾਲੀ ਗਿੱਲ, ਚੇਅਰਪਰਸਨ, ਪੰਜਾਬ ਸਟੇਟ ਕਮਿਸ਼ਨ ਫਾਰ ਵੂਮੈਨ; ਮਾਣਯੋਗ ਗੁਰਜੀਤ ਕੌਰ ਰੂਚੀ ਬਾਵਾ, ਵਾਈਸ ਚੇਅਰਪਰਸਨ, ਪੰਜਾਬ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ; ਗੌਰਵ ਯਾਦਵ, ਆਈ.ਪੀ.ਐਸ., ਡੀ.ਜੀ.ਪੀ. ਪੰਜਾਬ; ਅਤੇ ਡਾ. ਸਾਗਰ ਪ੍ਰੀਤ ਹੁੱਡਾ, ਆਈ.ਪੀਐਸ., ਡੀ.ਜੀ.ਪੀ. ਚੰਡੀਗੜ੍ਹ ਸਨਮਾਨਿਤ ਮਹਿਮਾਨ ਵਜੋਂ ਮੌਜੂਦ ਰਹੇ। ਆਪਣੇ ਸੰਬੋਧਨ ਵਿੱਚ ਜਸਟਿਸ ਹਰਕੇਸ਼ ਮਨੂਜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਮਜ਼ੋਰ ਵਰਗਾਂ ਨੂੰ ਇਨਸਾਫ ਦਿਵਾਉਣ ਵਿੱਚ ਸੰਸਥਾਵਾਂ ਅਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ ਉੱਤੇ ਜ਼ੋਰ ਦਿੱਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























