Punjab : ਗੁਰਪ੍ਰੀਤ ਸਿੰਘ ਨਿਆਮੀਆਂ ਦੀ ਪੁਸਤਕ ‘ਪੁਆਧ ਦੇ ਇਤਿਹਾਸਿਕ ਗੁਰਧਾਮ’ ਭਾਈ ਪਿੰਦਰਪਾਲ ਸਿੰਘ ਵੱਲੋਂ ਰਿਲੀਜ਼
- ਅਨੇਕਾਂ ਉੱਘੀਆਂ ਹਸਤੀਆਂ ਰਹੀਆਂ ਮੌਜੂਦ
ਚੰਡੀਗੜ੍ਹ, 3 ਦਸੰਬਰ 2025 (ਵਿਸ਼ਵ ਵਾਰਤਾ): ਦੇਸ਼ ਦੀ ਅੰਗਰੇਜ਼ਾਂ ਨਾਲ ਹੋਈ ਪਹਿਲੀ ਐਂਗਲੋ ਸਿੱਖ ਵਾਰ ਵਿੱਚ ਆਪਣੀ ਬਹਾਦਰੀ ਦੇ ਜੌਹਰ ਦਿਖਾਉਣ ਵਾਲੇ ਬਾਬਾ ਹਨੂਮਾਨ ਸਿੰਘ ਜੀ ਦੇ ਜੀਵਨ ਅਤੇ ਮੁਦਕੀ ਦੀ ਲੜਾਈ ਨੂੰ ਆਧਾਰ ਬਣਾ ਕੇ ਤਿਆਰ ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਨਿਆਮੀਆਂ ਵੱਲੋਂ ਲਿਖੀ ਗਈ ਪੁਸਤਕ ‘ਪੁਆਧ ਦੇ ਇਤਿਹਾਸਿਕ ਗੁਰਧਾਮ’ ਇੱਥੇ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਉੱਘੇ ਪੰਥਕ ਵਿਦਵਾਨ ਤੇ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਵੱਲੋਂ ਰਿਲੀਜ਼ ਕੀਤੀ ਗਈ।
ਇਸ ਪੁਸਤਕ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਤੋਂ ਇਲਾਵਾ ਗੁਰਦੁਆਰਾ ਅੰਬ ਸਾਹਿਬ ਲੰਬਿਆਂ, ਗੁਰਦੁਆਰਾ ਅੰਗੀਠਾ ਸਾਹਿਬ ਲੰਬਿਆਂ, ਗੁਰਦੁਆਰਾ ਨਾਭਾ ਸਾਹਿਬ, ਕੁਰੂਕਸ਼ੇਤਰ ਦੇ ਗੁਰਦੁਆਰੇ, ਗੁਰਦੁਆਰਾ ਪੰਜੋਖਰਾ ਸਾਹਿਬ ਸਹਿਤ ਅਨੇਕਾਂ ਇਤਿਹਾਸਕ ਗੁਰਦੁਆਰਿਆਂ ਦਾ ਵਰਣਨ ਕੀਤਾ ਗਿਆ ਹੈ।
ਭਾਈ ਪਿੰਦਰਪਾਲ ਸਿੰਘ ਨੇ ਇਸ ਪੁਸਤਕ ਬਾਰੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ ਕਿਉਂਕਿ ਅੱਜ ਦੀ ਪੀੜੀ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਬਹੁਤ ਜਰੂਰੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁਹਾਲੀ ਤੋਂ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੁਹਾਣਾ, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਪ੍ਰਧਾਨ ਹਰਜਿੰਦਰ ਸਿੰਘ, ਗੁਰਦੁਆਰਾ ਸਾਹਿਬ ਦੇ ਕਥਾਵਾਚਕ ਭਾਈ ਸੰਦੀਪ ਸਿੰਘ, ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਸਾਹਿਤ ਹੋਰ ਅਨੇਕਾਂ ਉੱਘੀਆਂ ਹਸਤੀਆਂ ਮੌਜੂਦ ਸਨ।
ਇਸ ਪੁਸਤਕ ਸਬੰਧੀ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਦੱਸਿਆ ਕਿ ਉਹਨਾਂ ਦੀ ਇਹ ਪੁਸਤਕ ਹਰ ਇੱਕ ਥਾਂ ਤੇ ਨਿੱਜੀ ਤੌਰ ਤੇ ਜਾ ਕੇ ਉਥੋਂ ਦਾ ਇਤਿਹਾਸ ਇਕੱਤਰ ਕਰਨ ਤੋਂ ਬਾਅਦ ਲਿਖੀ ਗਈ ਹੈ। ਉਹਨਾਂ ਦੱਸਿਆ ਕਿ ਇਹ ਕਿਤਾਬ ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮਿਟਡ, ਜਿਸ ਨੂੰ ਪਹਿਲਾਂ ਲੋਕ ਗੀਤ ਪ੍ਰਕਾਸ਼ਨ ਵੀ ਕਿਹਾ ਜਾਂਦਾ ਸੀ, ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਜ਼ਿਕਰ ਹੋ ਗਏ ਕਿ ਗੁਰਪ੍ਰੀਤ ਸਿੰਘ ਨਿਆਮੀਆਂ ਇਸ ਤੋਂ ਪਹਿਲਾਂ ਪੰਜ ਹੋਰ ਪੁਸਤਕਾਂ ਲਿਖ ਚੁੱਕਾ ਹੈ ਜਿਨਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੱਕ ਲਾਸਾਨੀ ਯੋਧਾ, ਗੁਰਬਾਣੀ ਜੀਵਨ ਚਿੰਤਨ, ਗੁਰਬਾਣੀ ਜੀਵਨ ਰਹਸ, ਸਾਹਿਬਜ਼ਾਦਿਆਂ ਦਾ ਸ਼ਹੀਦੀ ਸਫਰ, ਪੁਆਧ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਧਾਮ ਆਦਿ ਪੁਸਤਕਾਂ ਸ਼ਾਮਿਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























