Punjab: ਅੱਜ ED ਸਾਹਮਣੇ ਪੇਸ਼ ਹੋਣਗੇ GLADA ਦੇ ਚੀਫ ਐਡਮਿਨਿਸਟ੍ਰੇਟਰ
ਚੰਡੀਗੜ੍ਹ, 15 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਜੁੜੇ ਪ੍ਰਾਪਰਟੀ ਦੇ ਚੇਂਜ ਆਫ ਲੈਂਡ ਯੂਜ਼ (CLU) ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਜਾਂਚ ਤੇਜ਼ ਕਰ ਦਿੱਤੀ ਹੈ। ED ਨੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (GLADA) ਦੇ ਚੀਫ ਐਡਮਿਨਿਸਟ੍ਰੇਟਰ ਵਿਕਾਸ ਹੀਰਾ ਨੂੰ ਤਲਬ ਕੀਤਾ ਹੈ। ED ਵੱਲੋਂ ਵਿਕਾਸ ਹੀਰਾ ਨੂੰ 15 ਸਤੰਬਰ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ (RPIL) ਨਾਲ ਸਬੰਧਤ ਸਾਰੇ ਸਰਕਾਰੀ ਦਸਤਾਵੇਜ਼ ਅਤੇ ਰਿਕਾਰਡ ਨਾਲ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਕੰਪਨੀ ਹੁਣ ਹੈਂਪਟਨ ਸਕਾਈ ਰੀਅਲਟੀ ਲਿਮਟਿਡ ਦੇ ਨਾਮ ਨਾਲ ਜਾਣੀ ਜਾਂਦੀ ਹੈ।
ਜਾਂਚ ਦੌਰਾਨ ED ਦਾ ਮੁੱਖ ਧਿਆਨ ਇਸ ਗੱਲ ’ਤੇ ਹੈ ਕਿ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਅਲਾਟ ਕੀਤੇ ਗਏ ਉਦਯੋਗਿਕ ਪਲਾਟ ਦਾ CLU ਨਿਯਮਾਂ ਮੁਤਾਬਕ ਹੋਇਆ ਸੀ ਜਾਂ ਨਹੀਂ। ਸੂਤਰਾਂ ਮੁਤਾਬਕ ਜਾਂਚ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਸਾਲ 2019 ਵਿੱਚ ਉਦਯੋਗਿਕ ਜ਼ਮੀਨ ਨੂੰ ਰਿਹਾਇਸ਼ੀ ਵਿਕਾਸ ਲਈ ਤਬਦੀਲ ਕਰਨ ਸਮੇਂ ਹਾਊਸਿੰਗ ਵਿਭਾਗ ਵੱਲੋਂ ਲਾਜ਼ਮੀ ਗਰਾਊਂਡ ਵੈਰੀਫਿਕੇਸ਼ਨ ਅਤੇ ਦਸਤਾਵੇਜ਼ੀ ਜਾਂਚ ਦੀ ਪ੍ਰਕਿਰਿਆ ਕਿਉਂ ਨਹੀਂ ਕੀਤੀ ਗਈ।
ਇਹ ਕਾਰਵਾਈ ਪੰਜਾਬ ਕੈਡਰ ਦੀ ਸੀਨੀਅਰ IAS ਅਧਿਕਾਰੀ ਕੰਵਲਪ੍ਰੀਤ ਬਰਾੜ ਤੋਂ ED ਵੱਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਸਾਹਮਣੇ ਆਈ ਹੈ। ਕੰਵਲਪ੍ਰੀਤ ਬਰਾੜ ਪਹਿਲਾਂ GLADA ਦੀ ਚੀਫ ਐਡਮਿਨਿਸਟ੍ਰੇਟਰ ਰਹਿ ਚੁੱਕੇ ਹਨ। ਹੁਣ ED ਵੱਲੋਂ GLADA ਦੇ ਮੌਜੂਦਾ ਚੀਫ ਐਡਮਿਨਿਸਟ੍ਰੇਟਰ ਨੂੰ ਤਲਬ ਕਰਕੇ CLU ਨਾਲ ਸਬੰਧਤ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦਾ ਕੇਂਦਰ ਉਦਯੋਗਿਕ ਜ਼ਮੀਨ ਨੂੰ ਰਿਹਾਇਸ਼ੀ ਵਰਤੋਂ ਲਈ ਤਬਦੀਲ ਕਰਨ ਦੀ ਪੂਰੀ ਪ੍ਰਕਿਰਿਆ ਅਤੇ ਇਸ ਵਿੱਚ ਨਿਯਮਾਂ ਦੀ ਪਾਲਣਾ ਨਾਲ ਜੁੜੇ ਸਵਾਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























