Punjab : ਜਲੰਧਰ ‘ਚ NRI ਦੇ ਘਰ ‘ਤੇ ਫਾਇਰਿੰਗ; ਇਲਾਕੇ ‘ਚ ਫੈਲੀ ਦਹਿਸ਼ਤ
– ਪਰਿਵਾਰ ਨੇ ਭਾਣਜੇ ‘ਤੇ ਜਤਾਇਆ ਸ਼ੱਕ!
ਚੰਡੀਗੜ੍ਹ, 19 ਫਰਵਰੀ (ਵਿਸ਼ਵ ਵਾਰਤਾ): ਜਲੰਧਰ ਦੇ ਭੋਗਪੁਰ ਦੇ ਨਜ਼ਦੀਕੀ ਪਿੰਡ ਭਟਨੂਰਾ ਲੁਬਾਣਾ ਵਿੱਚ ਇੱਕ NRI ਦੇ ਘਰ ‘ਤੇ 2 ਬਾਈਕ ਸਵਾਰ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਇਹ ਘਟਨਾ ਬੁੱਧਵਾਰ ਰਾਤ 1 ਵਜ ਕੇ 52 ਮਿੰਟ ਦੀ ਦੱਸੀ ਜਾ ਰਹੀ ਹੈ। NRI ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ। ਫਾਇਰਿੰਗ ਕਰਨ ਤੋਂ ਬਾਅਦ ਬਾਈਕ ਸਵਾਰ ਦੋਵੇਂ ਨੌਜਵਾਨ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਐਨਆਰਆਈ ਮਨਜੀਤ ਸਿੰਘ ਦੇ ਬਿਆਨ ਦਰਜ ਕੀਤੇ।ਐਨਆਰਆਈ ਪਰਿਵਾਰ ਨੇ ਭਾਣਜੇ ‘ਤੇ ਘਟਨਾ ਦੇ ਇਲਜ਼ਾਮ ਲਗਾਏ ਹਨ। ਡੀਐਸਪੀ ਨੇ ਦੱਸਿਆ ਕਿ ਐਨਆਰਆਈ ਮਨਜੀਤ ਸਿੰਘ ਨੇ ਦੇਰ ਰਾਤ ਭੋਗਪੁਰ ਥਾਣੇ ਦੇ ਇੰਚਾਰਜ ਰਾਜੇਸ਼ ਕੁਮਾਰ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਆਪਣੀ ਧੀ ਦੇ ਵਿਆਹ ਲਈ ਇੰਗਲੈਂਡ ਤੋਂ ਆਪਣੇ ਪਿੰਡ ਆਇਆ ਸੀ। ਦੇਰ ਰਾਤ ਪੂਰਾ ਪਰਿਵਾਰ ਘਰ ਵਿੱਚ ਮੌਜੂਦ ਸੀ, ਇਸ ਦੌਰਾਨ ਬਾਈਕ ‘ਤੇ ਸਵਾਰ ਦੋ ਨੌਜਵਾਨ ਆਏ ਅਤੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਅਤੇ ਭੱਜ ਗਏ।
ਮਨਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣੀ ਭੈਣ ਦਾ ਲੜਕਾ ਗਗਨਦੀਪ ਸਿੰਘ ਗੋਦ ਲਿਆ ਹੋਇਆ ਹੈ, ਜੋ ਪੱਕੇ ਤੌਰ ‘ਤੇ ਅਮਰੀਕਾ ਵਿੱਚ ਰਹਿ ਰਿਹਾ ਹੈ। ਉਸਦੇ ਦੋ ਭਾਣਜੇ ਸ਼ਮਸ਼ੇਰ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਅਮਰੀਕਾ ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਮਸ਼ੇਰ ਸਿੰਘ ਨਾਲ ਉਨ੍ਹਾਂ ਦੀ ਜ਼ਿਆਦਾ ਗੱਲਬਾਤ ਨਹੀਂ ਹੁੰਦੀ ਅਤੇ ਗਗਨਦੀਪ ਦੀ ਵੀ ਸ਼ਮਸ਼ੇਰ ਸਿੰਘ ਨਾਲ ਬਹੁਤੀ ਨਹੀਂ ਬਣਦੀ। ਇਨ੍ਹਾਂ ਦਾ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ।
ਮਨਜੀਤ ਸਿੰਘ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਨੇ ਆਪਣੀ ਮਾਂ ਰਜਿੰਦਰ ਕੌਰ (ਜੋ ਭੁਲੱਥ ਵਿੱਚ ਰਹਿ ਰਹੀ ਹੈ) ਨੂੰ ਵੀ ਫ਼ੋਨ ਕੀਤਾ ਸੀ ਕਿ ਜੇਕਰ ਉਹ ਵਿਆਹ ਵਿੱਚ ਗਏ ਜਾਂ ਗਗਨਦੀਪ ਵਿਆਹ ਵਿੱਚ ਗਿਆ, ਤਾਂ ਮੈਂ ਉੱਥੇ ਲੜਾਈ-ਝਗੜਾ ਕਰਵਾਵਾਂਗਾ ਜਾਂ ਫਾਇਰਿੰਗ ਕਰਵਾਵਾਂਗਾ। ਉਨ੍ਹਾਂ ਦੱਸਿਆ ਕਿ ਸਾਨੂੰ ਪੂਰਾ ਯਕੀਨ ਹੈ ਕਿ ਇਹ ਜੋ ਫਾਇਰਿੰਗ ਕਰਵਾਈ ਗਈ ਹੈ, ਇਹ ਭਾਣਜੇ ਸ਼ਮਸ਼ੇਰ ਸਿੰਘ ਪੁੱਤਰ ਕਰਨ ਸਿੰਘ, ਨਿਵਾਸੀ ਯੂ.ਐੱਸ.ਏ. (USA) ਨੇ ਕਰਵਾਈ ਹੈ ਪੁਲਿਸ ਨੇ ਪੀੜਤ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























