Punjab: ਪਰਿਵਾਰ ਨੇ ਸਸਕਾਰ ਕੀਤਾ, ਭੋਗ ਵੀ ਪਾਇਆ, ਪਰ ਪੁੱਤ ਨਿੱਕਲਿਆ ਜਿਉਂਦਾ !
ਕਪੂਰਥਲਾ, 5 ਸਤੰਬਰ (ਵਿਸ਼ਵ ਵਾਰਤਾ) – ਕਪੂਰਥਲਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੌਜਵਾਨ ਨੂੰ ਪਰਿਵਾਰ ਨੇ ਮ੍ਰਿਤ ਸਮਝ ਕੇ ਉਸ ਦਾ ਅੰਤਿਮ ਸਸਕਾਰ ਕਰ ਚੁੱਕਾ ਸੀ, ਉਹੀ ਨੌਜਵਾਨ ਕਪੂਰਥਲਾ ਕੇਂਦਰੀ ਜੇਲ੍ਹ ਵਿੱਚ ਜ਼ਿੰਦਾ ਮਿਲਿਆ। ਇਸ ਘਟਨਾ ਤੋਂ ਬਾਅਦ ਪਰਿਵਾਰ ਦੇ ਨਾਲ-ਨਾਲ ਪੁਲਿਸ ਦੀ ਕਾਰਵਾਈ ਅਤੇ ਅਣਪਛਾਤੀ ਲਾਸ਼ ਦੀ ਪਛਾਣ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਗਏ ਹਨ।
ਜਾਣਕਾਰੀ ਮੁਤਾਬਕ ਕਰੀਬ 20-22 ਦਿਨ ਪਹਿਲਾਂ ਕਪੂਰਥਲਾ ਪੁਲਿਸ ਨੂੰ ਕੰਜਲੀ ਨੇੜੇ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਸੀ। ਇਸ ਦੌਰਾਨ ਲਾਪਤਾ ਚੱਲ ਰਹੇ ਰਵੀ ਕੁਮਾਰ ਦੇ ਪਰਿਵਾਰ ਨੇ ਲਾਸ਼ ਦੀ ਪਛਾਣ ਆਪਣੇ ਪੁੱਤਰ ਵਜੋਂ ਕੀਤੀ। ਪੁਲਿਸ ਵੱਲੋਂ ਲਾਸ਼ ਪਰਿਵਾਰ ਦੇ ਹਵਾਲੇ ਕੀਤੇ ਜਾਣ ਤੋਂ ਬਾਅਦ 13 ਅਗਸਤ 2026 ਨੂੰ ਰਵੀ ਕੁਮਾਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 15 ਅਗਸਤ ਨੂੰ ਅੰਤਿਮ ਰਸਮ ਅਤੇ ਭੋਗ ਵੀ ਪਾਇਆ ਗਿਆ।
ਕੁਝ ਦਿਨ ਬਾਅਦ ਪਰਿਵਾਰ ਨੂੰ ਕਪੂਰਥਲਾ ਕੇਂਦਰੀ ਜੇਲ੍ਹ ਦੇ ਇੱਕ ਕਰਮਚਾਰੀ ਦਾ ਫੋਨ ਆਇਆ। ਉਸ ਨੇ ਪਰਿਵਾਰ ਨੂੰ ਦੱਸਿਆ ਕਿ ਰਵੀ ਕੁਮਾਰ ਜੇਲ੍ਹ ਵਿੱਚ ਬੰਦ ਹੈ। ਪਹਿਲਾਂ ਤਾਂ ਪਰਿਵਾਰ ਨੂੰ ਇਸ ਗੱਲ ’ਤੇ ਯਕੀਨ ਨਹੀਂ ਹੋਇਆ, ਪਰ ਜਦੋਂ ਪਰਿਵਾਰਕ ਮੈਂਬਰ ਜੇਲ੍ਹ ਪਹੁੰਚੇ ਤਾਂ ਉਨ੍ਹਾਂ ਦੇ ਸਾਹਮਣੇ ਰਵੀ ਕੁਮਾਰ ਜ਼ਿੰਦਾ ਮੌਜੂਦ ਸੀ। ਪਰਿਵਾਰ ਮੁਤਾਬਕ ਰਵੀ ਨੇ ਦੱਸਿਆ ਕਿ ਉਸ ਨੂੰ ਜਲੰਧਰ ਪੁਲਿਸ ਵੱਲੋਂ ਇੱਕ ਮਾਮਲੇ ਵਿੱਚ ਕਾਬੂ ਕਰਕੇ ਜੇਲ੍ਹ ਭੇਜਿਆ ਗਿਆ ਸੀ।
ਰਵੀ ਦੇ ਜ਼ਿੰਦਾ ਮਿਲਣ ਤੋਂ ਬਾਅਦ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੰਜਲੀ ਨੇੜੇ ਮਿਲੀ ਲਾਸ਼ ਆਖ਼ਰ ਕਿਸ ਵਿਅਕਤੀ ਦੀ ਸੀ ਅਤੇ ਉਸ ਦੀ ਪਛਾਣ ਰਵੀ ਕੁਮਾਰ ਵਜੋਂ ਕਿਵੇਂ ਹੋਈ। ਮਾਮਲੇ ਨੇ ਅਣਪਛਾਤੀਆਂ ਲਾਸ਼ਾਂ ਦੀ ਸ਼ਨਾਖਤ ਦੀ ਪ੍ਰਕਿਰਿਆ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਹੁਣ ਪੁਲਿਸ ਲਈ ਉਸ ਲਾਸ਼ ਦੀ ਅਸਲ ਪਛਾਣ ਕਰਨਾ ਅਤੇ ਇਹ ਪਤਾ ਲਗਾਉਣਾ ਅਹਿਮ ਹੋਵੇਗਾ ਕਿ ਪਛਾਣ ਵਿੱਚ ਗਲਤੀ ਕਿਵੇਂ ਹੋਈ। ਫਿਲਹਾਲ ਪੂਰੇ ਮਾਮਲੇ ਦੀ ਸੱਚਾਈ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























