Punjab: ਵਿੱਤੀ ਵਰ੍ਹੇ 2024-25 ਦੌਰਾਨ ਲੋਕ ਨਿਰਮਾਣ ਵਿਭਾਗ ਨੇ ਫਰਵਰੀ ਮਹੀਨੇ ਤੱਕ 85 ਫ਼ੀਸਦ ਤੋਂ ਵੱਧ ਬਜਟ ਖਰਚ ਕੀਤਾ – ਹਰਭਜਨ ਸਿੰਘ ਈ. ਟੀ. ਓ.
ਮਨਪ੍ਰੀਤ ਸਿੰਘ ਇਯਾਲੀ ਨੇ ਬਿਜਲੀ ਉਤਪਾਦਨ ਅਤੇ ਪੂਰਤੀ ਬਾਰੇ ਗਲਤ ਅੰਕੜੇ ਪੇਸ਼ ਕੀਤੇ: ਬਿਜਲੀ ਮੰਤਰੀ
ਚੰਡੀਗੜ੍ਹ, 27 ਮਾਰਚ (ਵਿਸ਼ਵ ਵਾਰਤਾ):- ਵਿੱਤੀ ਵਰ੍ਹੇ 2024-25 ਦੌਰਾਨ ਪ੍ਰਾਪਤ ਬਜ਼ਟ ਵਿਚੋਂ ਲੋਕ ਨਿਰਮਾਣ ਵਿਭਾਗ ਨੇ ਫਰਵਰੀ 2025 ਤੱਕ 85 ਫ਼ੀਸਦ ਤੋਂ ਵੱਧ ਬਜਟ ਖਰਚ ਕਰ ਦਿੱਤਾ ਸੀ। ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵਿਧਾਨ ਸਭਾ ਵਿਚ ਆਪਣੇ ਭਾਸ਼ਣ ਦੌਰਾਨ ਗ਼ਲਤ ਤੱਥ ਪੇਸ਼ ਕਰਦਿਆਂ ਕਿਹਾ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਹੁਣ ਤੱਕ ਜਾਰੀ ਬਜਟ ਵਿਚੋਂ ਸਿਰਫ਼ 40 ਫ਼ੀਸਦ ਰਾਸ਼ੀ ਹੀ ਖਰਚ ਕੀਤੀ ਹੈ ਜਦਕਿ ਸੱਚਾਈ ਇਹ ਹੈ ਕਿ ਫਰਵਰੀ 2025 ਤੱਕ ਲੋਕ ਨਿਰਮਾਣ ਵਿਭਾਗ ਨੇ ਵਿੱਤੀ ਵਰ੍ਹੇ 2024-25 ਲਈ ਜਾਰੀ ਬਜਟ ਵਿਚੋਂ 85 ਫ਼ੀਸਦ ਰਾਸ਼ੀ ਖਰਚ ਕਰ ਦਿੱਤੀ ਜਿਨ੍ਹਾਂ ਦੇ ਬਿੱਲ ਖਜ਼ਾਨਾ ਵਿਭਾਗ ਵੱਲੋਂ ਪਾਸ ਵੀ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਫਰਵਰੀ ਅਤੇ ਮਾਰਚ ਮਹੀਨੇ ਵਿੱਚ ਜ਼ੋ ਕੰਮ ਲੋਕ ਨਿਰਮਾਣ ਵਿਭਾਗ ਵਲੋਂ ਕਰਵਾਏ ਗਏ ਹਨ ਉਨ੍ਹਾਂ ਦੇ ਬਿੱਲ ਵੀ ਅਗਲੇ ਦਿਨਾਂ ਵਿਚ ਪਾਸ ਹੋ ਜਾਣਗੇ।
ਇਸੇ ਤਰ੍ਹਾਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਬਿਜਲੀ ਉਤਪਾਦਨ ਅਤੇ ਸਪਲਾਈ ਸਬੰਧੀ ਚੁੱਕੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਵਿੱਤੀ ਵਰ੍ਹੇ 2021-22 ਦੌਰਾਨ 13431 ਮੈਗਾਵਾਟ ਦੀ ਮੈਕਸੀਮਮ ਮੰਗ ਸੀ ਜ਼ੋ ਕਿ 2024-25 ਵਿਚ ਵਧ ਕੇ 16058 ਮੈਗਾਵਾਟ ਹੋ ਗਈ ਇਸੇ ਤਰ੍ਹਾਂ 2021-22 ਦੌਰਾਨ ਬਿਜਲੀ ਦੀ ਮੰਗ 62589 ਮਿਲੀਅਨ ਯੂਨਿਟ ਸੀ ਜ਼ੋ ਕਿ 2024-25 ਦੌਰਾਨ 76617 ਮਿਲੀਅਨ ਯੂਨਿਟ ਹੋਣ ਦੀ ਉਮੀਦ ਹੈ।
ਸਾਲ 2021-22 ਦੌਰਾਨ ਇੰਸਟਾਲਡ ਕੰਪੈਸਟੀ 13892 ਮੈਗਾਵਾਟ ਸੀ ਜਦਕਿ 2024-25 ਦੌਰਾਨ 14840 ਮੈਗਾਵਾਟ ਹੋ ਗਈ ਹੈ।