Punjab: AI ਫੋਟੋਆਂ ਬਣਾ ਕੇ ਫੇਰ ਦਰਬਾਰ ਸਾਹਿਬ ਦੀ ਬੇਅਦਬੀ: ਕ੍ਰਿਕਟਰ ਨੰਗੇ ਸਿਰ ਦਿਖਾਏ ਗਏ
ਅੰਮ੍ਰਿਤਸਰ, 21 ਮਾਰਚ 2026 – (ਵਿਸ਼ਵ ਵਾਰਤਾ) – ਦਰਬਾਰ ਸਾਹਿਬ ਦੀ ਬੇਅਦਬੀ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰਕੇ ਹਰਿਮੰਦਰ ਸਾਹਿਬ ਵਿਖੇ ਕ੍ਰਿਕਟਰਾਂ ਅਤੇ ਬਾਲੀਵੁੱਡ ਸਿਤਾਰਿਆਂ ਦੀਆਂ ਵੀਡੀਓ ਅਤੇ ਫੋਟੋਆਂ ਬਣਾਈਆਂ ਗਈਆਂ ਹਨ। ਇੱਕ ਕ੍ਰਿਕਟ ਫੈਨ ਪੇਜ ਨੇ ਫੇਸਬੁੱਕ ‘ਤੇ ਹਰਿਮੰਦਰ ਸਾਹਿਬ ਵਿਖੇ ਕ੍ਰਿਕਟਰਾਂ ਅਤੇ ਬਾਲੀਵੁੱਡ ਸਿਤਾਰਿਆਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ।
ਪਹਿਲੀ ਫੋਟੋ ਵਿੱਚ, ਉਨ੍ਹਾਂ ਨੇ ਕ੍ਰਿਕਟਰ ਯੁਵਰਾਜ ਸਿੰਘ ਨੂੰ ਨੰਗੇ ਸਿਰ ਦਿਖਾਇਆ ਗਿਆ ਹੈ। ਇਸ ਫੋਟੋ ‘ਚ ਉਸ ਦੇ ਨਾਲ ਅਰਸ਼ਦੀਪ ਸਿੰਘ, ਅਭਿਸ਼ੇਕ ਸ਼ਰਮਾ ਅਤੇ ਉਸ ਦੀ ਮਾਂ ਨੂੰ ਦਿਖਾਇਆ ਗਿਆ ਹੈ। ਅਰਸ਼ਦੀਪ ਨੇ ਪੱਗ ਬੰਨ੍ਹੀ ਹੋਈ ਹੈ, ਜਦੋਂ ਕਿ ਅਭਿਸ਼ੇਕ ਨੇ ਸਿਰ ਰੁਮਾਲ ਨਾਲ ਢੱਕਿਆ ਹੋਇਆ ਹੈ ਅਤੇ ਉਸਦੀ ਮਾਂ ਨੇ ਸਿਰ ‘ਤੇ ਚੁੰਨੀ ਲਈ ਹੋਈ ਹੈ।

ਦੂਜੀ ਫੋਟੋ ਵਿੱਚ, ਕ੍ਰਿਕਟਰ ਹਾਰਦਿਕ ਪੰਡਯਾ ਨੂੰ ਨੰਗੇ ਸਿਰ ਦਿਖਾਇਆ ਗਿਆ ਹੈ। ਇਸ ਫੋਟੋ ‘ਚ ਉਸ ਦੇ ਨਾਲ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ ਅਤੇ ਬਾਲੀਵੁੱਡ ਸਟਾਰ ਰਣਵੀਰ ਸਿੰਘ ਦਿਖਾਈ ਦੇ ਰਹੇ ਹਨ। ਵਿਰਾਟ, ਧੋਨੀ ਅਤੇ ਰਣਵੀਰ ਨੇ ਆਪਣੇ ਸਿਰ ਰੁਮਾਲ ਨਾਲ ਢਕੇ ਹੋਏ ਹਨ। ਸਿੱਖ ਧਰਮ ਦੇ ਅਨੁਸਾਰ, ਹਰਿਮੰਦਰ ਸਾਹਿਬ ਜਾਣ ਲਈ ਸਿਰ ਢੱਕਣਾ ਲਾਜ਼ਮੀ ਹੈ।

ਕੁਝ ਦਿਨ ਪਹਿਲਾਂ, ਇੱਕ AI ਵੀਡੀਓ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਇੱਕ ਪਿੰਜਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦਾ ਹੈ ਅਤੇ ਲੰਗਰ ਹਾਲ ਵਿੱਚ ਜੁੱਤੇ ਪਹਿਨ ਕੇ ਪ੍ਰਸ਼ਾਦਾ ਛਕ ਰਿਹਾ ਹੈ। ਇਸ ਤੋਂ ਇਲਾਵਾ, ਇੱਕ ਵਿਅਕਤੀ ਨੂੰ ਜੀਪ ਵਿੱਚ ਬੈਠ ਪਰਿਕਰਮਾ ਕਰਦੇ ਦਿਖਾਇਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ, ਪਰ AI ਦੀ ਵਰਤੋਂ ਕਰਕੇ ਬੇਅਦਬੀ ਬੇਰੋਕ ਜਾਰੀ ਹੈ।
ਐਸਜੀਪੀਸੀ ਨੇ ਵੀ ਨਵੀਂ ਫੋਟੋ ‘ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿਹਾ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਸ ਮਾਮਲੇ ਵਿੱਚ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ਤਾਂ ਜੋ ਅਜਿਹੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ ਅਤੇ ਭਵਿੱਖ ਵਿੱਚ ਬੇਅਦਬੀ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਰੋਕਿਆ ਜਾ ਸਕੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























