Punjab: ਕਾਂਗਰਸ ਦੀਆਂ ਲੁਧਿਆਣਾ ‘ਚ ਅੱਜ ਦੋ ਰੈਲੀਆਂ: ਇੱਕ ਸਟੇਜ ‘ਤੇ ਮੁੜ ਦਿਖਣਗੇ ਸਾਰੇ ਵੱਡੇ ਲੀਡਰ
ਲੁਧਿਆਣਾ, 30 ਜਨਵਰੀ 2026 (ਵਿਸ਼ਵ ਵਾਰਤਾ) – ਪੰਜਾਬ (Punjab) ਕਾਂਗਰਸ ਅੱਜ ਸੂਬੇ ਵਿੱਚ ਮਨਰੇਗਾ ਮਹਾਸੰਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰ ਰਹੀ ਹੈ। ਦੂਜਾ ਪੜਾਅ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੀ ਰੈਲੀ ਨਾਲ ਸ਼ੁਰੂ ਹੋਵੇਗਾ। ਉਸ ਤੋਂ ਬਾਅਦ ਲੁਧਿਆਣਾ ‘ਚ ਮੁੱਲਾਂਪੁਰ ਨੇੜੇ ਹੀ ਰਾਏਕੋਟ ‘ਚ ਇੱਕ ਹੋਰ ਰੈਲੀ ਕੀਤੀ ਜਾਵੇਗੀ। ਦੱਸ ਦਈਏ ਕਿ ਮੁੱਲਾਂਪੁਰ ਦਾਖਾ ‘ਚ ਰੈਲੀ ਦਾਣਾ ਮੰਡੀ ‘ਚ ਸਵੇਰੇ 11 ਵਜੇ ਅਤੇ ਰਾਏਕੋਟ ਦੀ ਦਾਣਾ ਮੰਡੀ ‘ਚ ਰੈਲੀ ਦੁਪਹਿਰ 2 ਵਜੇ ਹੋਵੇਗੀ।

ਇਨ੍ਹਾਂ ਰੈਲੀਆਂ ‘ਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਬੁਲਾਰੇ ਹੋਣਗੇ। ਪੰਜਾਬ ਕਾਂਗਰਸ ਦੇ ਹੋਰ ਸੀਨੀਅਰ ਆਗੂ ਵੀ ਸ਼ਾਮਲ ਹੋਣਗੇ। ਇਸ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਆਗੂ ਇੱਕਜੁੱਟਤ ਦਿਖਾਉਣਗੇ। ਇਨ੍ਹਾਂ ਰੈਲੀਆਂ ‘ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪਹੁੰਚ ਰਹੇ ਹਨ, ਜੋ ਕਿ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰਨਗੇ।
ਦੱਸ ਦਈਏ ਕਿ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਪੰਜਾਬ (Punjab) ਦੇ ਕਾਂਗਰਸੀ ਲੀਡਰਾਂ ਦੀ ਮੀਟਿੰਗ ਤੋਂ ਬਾਅਦ ਇਹ ਦੋ ਪਹਿਲੀਆਂ ਵੱਡੀਆਂ ਰੈਲੀਆਂ ਹਨ। ਇਸ ਰੈਲੀ ਰਾਹੀਂ ਪਾਰਟੀ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰੇਗੀ ਕਾਂਗਰਸ ਪੰਜਾਬ ਦੇ ਮਨਰੇਗਾ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਵਚਨਬੱਧ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























