ਟਿਕਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਕਾਂਗਰਸ ‘ਚ ਭੱਖਿਆ ਕਲੇਸ਼! ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਆਹਮੋ-ਸਾਹਮਣੇ
ਚੰਡੀਗੜ੍ਹ, 16 ਅਗਸਤ (ਵਿਸ਼ਵ ਵਾਰਤਾ) – ਪੰਜਾਬ ਕਾਂਗਰਸ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਹੁਣ ਘਟਣ ਦੀ ਬਜਾਏ ਹੋਰ ਵਧਦੀ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ‘ਇੱਕ ਪਰਿਵਾਰ ਤੋਂ ਇੱਕ ਟਿਕਟ’ ਵਾਲੇ ਬਿਆਨ ‘ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਚ ਤੋਂ ਪਲਟਵਾਰ ਕੀਤਾ।
ਰੰਧਾਵਾ ਨੇ ਕਿਹਾ ਕਿ ਜੋ ਕੋਈ ਇਹ ਕਹਿੰਦਾ ਕਿ ਮੈਂ ਦੋ-ਦੋ ਟਿਕਟਾਂ ਨਹੀਂ ਦੇਵਾਂਗਾ, ਜਿਸ ਬੰਦੇ ਵਿੱਚ ਜਿੱਤਣ ਦੀ ਜੁਰੱਰਤ ਹੋਵੇਗੀ, ਉਹ ਦੋ ਨਹੀਂ, 4 ਟਿਕਟਾਂ ਲੈ ਕੇ ਕਾਂਗਰਸ ਨੂੰ ਜਿੱਤ ਦਿਵਾਏਗਾ।” ਰੰਧਾਵਾ ਨੇ ਇਹ ਬਿਆਨ ਲੁਧਿਆਣਾ ਦੇ ਈਸੜੂ ਵਿੱਚ ਦਿੱਤਾ ਹੈ, ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਟਿਕਟ ਦੇਣ ਜਾਂ ਕੱਟਣ ਦਾ ਅਧਿਕਾਰ ਕਿਸੇ ਇੱਕ ਵਿਅਕਤੀ ਦਾ ਨਹੀਂ। ਜੇਕਰ ਕਿਸੇ ਪਰਿਵਾਰ ਵਿੱਚ ਕਾਬਲੀਅਤ ਹੈ ਅਤੇ ਉਮੀਦਵਾਰ ਜਿੱਤਣ ਦਾ ਜਜ਼ਬਾ ਰੱਖਦਾ ਹੈ, ਤਾਂ ਉਸ ਨੂੰ ਟਿਕਟ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ।
ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਚਰਚਾ ਹੈ ਕਿ ਜਲਦ ਹੀ ਰਾਹੁਲ ਗਾਂਧੀ ਪੰਜਾਬ ਦੌਰੇ ‘ਤੇ ਆ ਸਕਦੇ ਹਨ। ਰਾਹੁਲ ਗਾਂਧੀ ਵੀ ‘ਇੱਕ ਪਰਿਵਾਰ, ਇੱਕ ਟਿਕਟ’ ਨੀਤੀ ਦੀ ਵਕਾਲਤ ਕਰ ਚੁੱਕੇ ਹਨ।
ਰਾਜਾ ਵੜਿੰਗ ਨੇ ਰਾਹੁਲ ਗਾਂਧੀ ਦਾ ‘ਇੱਕ ਪਰਿਵਾਰ, ਇੱਕ ਟਿਕਟ’ ਵਾਲਾ ਬਿਆਨ ਸਾਂਝਾ ਕਰਕੇ ਸੁਖਜਿੰਦਰ ਰੰਧਾਵਾ ਨੂੰ ਜਵਾਬ ਦਿੱਤਾ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਪਾਰਟੀ ਹੁਣ ‘ਇੱਕ ਪਰਿਵਾਰ, ਇੱਕ ਟਿਕਟ’ ਦੇ ਫਾਰਮੂਲੇ ‘ਤੇ ਕੰਮ ਕਰੇਗੀ। ਅਜਿਹਾ ਨਹੀਂ ਹੋਵੇਗਾ ਕਿ ਇੱਕ ਸੀਟ ਤੋਂ ਪਿਓ ਚੋਣ ਲੜੇਗਾ ਅਤੇ ਦੂਜੀ ਸੀਟ ਤੋਂ ਪੁੱਤ ਨੂੰ ਟਿਕਟ ਮਿਲੇਗੀ। ਪੁਰਾਣੇ ਨੇਤਾਵਾਂ ਦਾ ਇੱਕ ਘੇਰਾ ਬਣਿਆ ਹੋਇਆ ਹੈ। ਪਾਰਟੀ ਉਸ ਨੂੰ ਤੋੜੇਗੀ ਅਤੇ ਆਮ ਘਰਾਂ ਦੇ ਮੁੰਡਿਆਂ ਨੂੰ ਟਿਕਟ ਦੇਵੇਗੀ।
ਉਨ੍ਹਾਂ ਦਾਅਵਾ ਕੀਤਾ ਕਿ ਅਜਿਹੇ ਨੇਤਾਵਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਜੋ ਦੂਜੀਆਂ ਪਾਰਟੀਆਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਦਾ ਇਸ਼ਾਰਾ ਚਰਨਜੀਤ ਚੰਨੀ ਗੁੱਟ ਵੱਲ ਸੀ। ਸਲੀਪਰ ਸੈੱਲ ਦੇ ਜ਼ਰੀਏ ਵੜਿੰਗ ਨੇ ਅਸਿੱਧੇ ਤੌਰ ‘ਤੇ ਚੰਨੀ ਗਰੁੱਪ ‘ਤੇ ਨਿਸ਼ਾਨਾ ਸਾਧਦੇ ਕਿਹਾ ਕਿ ਉਨ੍ਹਾਂ ਦੀ ਟਿਕਟ ਕੱਟੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























