Punjab: CM ਮਾਨ ਅੱਜ ਲੁਧਿਆਣਾ ਵਿੱਚ ਚੋਣ ਪ੍ਰਚਾਰ ਪੈਂਫਲੇਟ ਕਰਨਗੇ ਜਾਰੀ
ਚੰਡੀਗੜ੍ਹ 19 ਸਤੰਬਰ (ਵਿਸ਼ਵ ਵਾਰਤਾ): ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ 20 ਸਤੰਬਰ ਤੋਂ ਪੂਰੇ ਸੂਬੇ ਵਿੱਚ ਡੋਰ ਟੂ ਡੋਰ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿੱਚ 2.68 ਲੱਖ ਬੂਥ ਕਮੇਟੀ ਮੈਂਬਰ ਹਰ ਘਰ ਤੱਕ ਪਹੁੰਚ ਕੇ ਭਗਵੰਤ ਮਾਨ ਸਰਕਾਰ ਦੇ ਕੰਮਾਂ ਨੂੰ ਉਜਾਗਰ ਕਰਨਗੇ। ਆਪ ਪੰਜਾਬ ਪ੍ਰਭਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਧੂਰੀ ਤੋਂ ਖ਼ੁਦ ਇਸ ਮੁਹਿੰਮ ਦੀ ਸ਼ੁਰੂਆਤ ਕਰਨਗੇ, ਜਦਕਿ ਅੱਜ ਆਪ 19 ਸਤੰਬਰ ਨੂੰ ਲੁਧਿਆਣਾ ਵਿੱਚ ਆਪਣੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕਰੇਗੀ ਅਤੇ ਚੋਣ ਪ੍ਰਚਾਰ ਪੈਂਫਲੇਟ ਜਾਰੀ ਕਰੇਗੀ।
ਮੁਹਿੰਮ ਦੇ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਆਪ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ, “ਡੋਰ ਟੂ ਡੋਰ ਮੁਹਿੰਮ 20 ਸਤੰਬਰ ਤੋਂ ਸ਼ੁਰੂ ਹੋਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਧੂਰੀ ਵਿੱਚ ਖ਼ੁਦ ਇਸ ਮੁਹਿੰਮ ਵਿੱਚ ਹਿੱਸਾ ਲੈਣਗੇ। ਚੋਣ ਪ੍ਰਚਾਰ ਪੈਂਫਲੇਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ 19 ਸਤੰਬਰ ਨੂੰ ਲੁਧਿਆਣਾ ਵਿੱਚ ਜਾਰੀ ਕੀਤਾ ਜਾਵੇਗਾ।”
ਸਿਸੋਦੀਆ ਨੇ ਕਿਹਾ, “ਭਗਵੰਤ ਮਾਨ ਸਰਕਾਰ ਨੇ ਆਪਣੇ ਸਾਢੇ ਚਾਰ ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਹੈ ਅਤੇ 2022 ਵਿੱਚ ਕੀਤੇ ਸਾਰੇ ਚੋਣ ਵਾਅਦੇ ਪੂਰੇ ਕੀਤੇ ਹਨ। 20 ਸਤੰਬਰ ਤੋਂ, 2,68,553 ਬੂਥ ਕਮੇਟੀ ਮੈਂਬਰ ਪੂਰੇ ਪੰਜਾਬ ਵਿੱਚ ਘਰ-ਘਰ ਜਾਣਗੇ ਅਤੇ ਸਰਕਾਰ ਦੇ ਕੰਮਾਂ ਤੇ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਗੇ।” ਆਪ ਪੰਜਾਬ ਪ੍ਰਭਾਰੀ ਨੇ ਕਿਹਾ, “ਪੰਜਾਬ ਵਿੱਚ 25,332 ਬੂਥ ਹਨ ਅਤੇ ਇਹ ਮੁਹਿੰਮ ਪੂਰੇ ਸੂਬੇ ਦੀਆਂ ਬੂਥ ਕਮੇਟੀਆਂ ਰਾਹੀਂ ਚਲਾਈ ਜਾਵੇਗੀ। ਸਾਡੇ ਬੂਥ ਆਗੂ ਅਤੇ ਪਾਰਟੀ ਵਰਕਰ ਘਰ-ਘਰ ਜਾ ਕੇ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਦੱਸਣਗੇ।”
ਮੈਂਬਰਸ਼ਿਪ ਮੁਹਿੰਮ ਦਾ ਐਲਾਨ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ, “ਡੋਰ ਟੂ ਡੋਰ ਪ੍ਰਚਾਰ ਦੇ ਨਾਲ-ਨਾਲ ਆਪ ਪੂਰੇ ਪੰਜਾਬ ਵਿੱਚ ਵੱਡੇ ਪੱਧਰ ‘ਤੇ ਮੈਂਬਰਸ਼ਿਪ ਮੁਹਿੰਮ ਵੀ ਸ਼ੁਰੂ ਕਰੇਗੀ। ਸਾਡੇ ਵਲੰਟੀਅਰ ਲੋਕਾਂ ਨਾਲ ਜੁੜਨਗੇ ਅਤੇ ਸਰਕਾਰ ਦੇ ਕੰਮਾਂ ਨੂੰ ਸਿੱਧਾ ਉਨ੍ਹਾਂ ਤੱਕ ਲੈ ਕੇ ਜਾਣਗੇ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























