Punjab: ਸਿੱਖਿਆ ਖੇਤਰ ‘ਚ ਹੋਏ ਵੱਡੇ ਬਦਲਾਅ; CM Mann ਨੇ ਵੇਰਵੇ ਕੀਤੇ ਸਾਂਝੇ
– ਨਵਾਂ ਅਕਾਦਮਿਕ ਸੈਸ਼ਨ ਹੋਵੇਗਾ ਹਾਈਟੈਕ, ਵਿਦਿਆਰਥੀ ਦੇ ਗੈਰ-ਹਾਜ਼ਰ ਹੋਣ ‘ਤੇ ਮਾਪਿਆਂ ਨੂੰ ਮਿਲੇਗਾ ਮੈਸੇਜ
– ਪੜ੍ਹੋ ਸਿੱਖਿਆ ਸੁਧਾਰਾਂ ਲਈ ਹੋਰ ਕਿਹੜੇ ਕਿਹੜੇ ਚੁੱਕੇ ਅਹਿਮ ਕਦਮ
ਚੰਡੀਗੜ੍ਹ, 30 ਮਾਰਚ 2026 (ਵਿਸ਼ਵ ਵਾਰਤਾ): ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਅਹਿਮ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਿੱਖਿਆ ਖੇਤਰ ‘ਚ ਨਾਲ ਸੰਬੰਧਿਤ ਵੇਰਵੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚ 1 ਅਪ੍ਰੈਲ ਤੋਂ ਗੈਰ-ਹਾਜ਼ਰੀ ਸਬੰਧੀ ਨਵਾਂ ਸਿਸਟਮ ਲਾਗੂ ਕੀਤਾ ਜਾਵੇਗਾ। ਇਸ ਦੇ ਤਹਿਤ ਜੇਕਰ ਕੋਈ ਵਿਦਿਆਰਥੀ ਗੈਰ-ਹਾਜ਼ਰ ਰਹਿੰਦਾ ਹੈ, ਤਾਂ ਉਸ ਦੇ ਮਾਪਿਆਂ ਦੇ ਮੋਬਾਈਲ ‘ਤੇ ਤੁਰੰਤ ਮੈਸੇਜ ਭੇਜਿਆ ਜਾਵੇਗਾ। ਉੱਥੇ ਹੀ, ਕਿਸੇ ਅਧਿਆਪਕ ਦੇ ਗੈਰ-ਹਾਜ਼ਰ ਰਹਿਣ ‘ਤੇ ਇਸ ਦੀ ਸੂਚਨਾ ਜ਼ਿਲ੍ਹਾ ਸਿੱਖਿਆ ਅਫ਼ਸਰ (DEO) ਅਤੇ ਸਕੂਲ ਮੈਨੇਜਮੈਂਟ ਕਮੇਟੀ ਨੂੰ ਦਿੱਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਨਵਾਂ ਵਿਦਿਅਕ ਸੈਸ਼ਨ ਅਪ੍ਰੈਲ ਤੋਂ ਸ਼ੁਰੂ ਹੋਵੇਗਾ ਅਤੇ ਸਾਰੇ ਸਕੂਲਾਂ ਵਿੱਚ ਕਿਤਾਬਾਂ ਪਹਿਲਾਂ ਹੀ ਪਹੁੰਚਾਈਆਂ ਜਾ ਚੁੱਕੀਆਂ ਹਨ। ਮੁੱਖ ਮੰਤਰੀ ਨੇ ਪ੍ਰੀਖਿਆ ਪ੍ਰਣਾਲੀ ‘ਤੇ ਬੋਲਦਿਆਂ ਕਿਹਾ ਕਿ ਗੁਜਰਾਤ ਵਿੱਚ ਪੇਪਰ ਲੀਕ ਦੀਆਂ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ, ਜਦਕਿ ਪੰਜਾਬ ਵਿੱਚ ਹੁਣ ਤੱਕ ਅਜਿਹੀ ਕੋਈ ਘਟਨਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਹਿਲਾਂ ਇੱਕ ਖੇਤਰ ਦੇ ਸਾਰੇ ਵਿਦਿਆਰਥੀ ਟੌਪਰ ਆਏ ਸਨ, ਜਿਸ ਤੋਂ ਬਾਅਦ ਸਰਕਾਰ ਨੇ ਦੁਬਾਰਾ ਪ੍ਰੀਖਿਆ ਕਰਵਾਈ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸਕੂਲਾਂ ਵਿੱਚ ਅਧਿਆਪਕਾਂ ਤੋਂ ਸਿਰਫ਼ ਪੜ੍ਹਾਈ ਦਾ ਕੰਮ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਹੋਰ ਜ਼ਿੰਮੇਵਾਰੀਆਂ ਨਹੀਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਜਨਗਣਨਾ ਵੀ ਹੋਣੀ ਹੈ, ਜਿਸ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਗਈ ਹੈ ਕਿ ਅਧਿਆਪਕਾਂ ਦੀ ਡਿਊਟੀ ਇਸ ਵਿੱਚ ਨਾ ਲਗਾਈ ਜਾਵੇ। ਇਸ ਦੀ ਬਜਾਏ ਸਰਕਾਰ ਹੋਰ ਕਰਮਚਾਰੀਆਂ ਦੀਆਂ ਸੇਵਾਵਾਂ ਉਪਲਬਧ ਕਰਵਾਏਗੀ।
ਇਸ ਦੇ ਨਾਲ ਹੀ ਪੰਜਾਬ ਦੇ 25 ਸਕੂਲਾਂ ਦਾ ਨਾਮ ਸ਼ਹੀਦਾਂ ਅਤੇ ਮਹਾਨ ਹਸਤੀਆਂ ਦੇ ਨਾਮ ‘ਤੇ ਰੱਖਿਆ ਗਿਆ ਹੈ। ਉੱਥੇ ਹੀ, ਉਨ੍ਹਾਂ ਦੇ ਸੰਗਰੂਰ ਸਥਿਤ ਪਿੰਡ ਦੇ ਸਕੂਲ ਦਾ ਨਾਮ ਜਗਸੀਰ ਹਵਾਲਦਾਰ ਦੇ ਨਾਮ ‘ਤੇ ਰੱਖਿਆ ਗਿਆ ਹੈ। ਵਿਦਿਆਰਥੀਆਂ ਵਿੱਚ ਉੱਦਮਤਾ ਤਾ ਵਧਾਉਣ ਲਈ “ਬਿਜ਼ਨਸ ਬਲਾਸਟਰ” ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਬੱਚਿਆਂ ਨੇ 70 ਕਰੋੜ ਰੁਪਏ ਤੱਕ ਦੀ ਕਮਾਈ ਦੇ ਆਈਡੀਆ ਵਿਕਸਿਤ ਕੀਤੇ ਹਨ।























