Punjab : ਬੱਚੇ ਦੇ ਦੇਸ਼ ਪ੍ਰਤੀ ਹੌਸਲੇ ਅਤੇ ਜਜ਼ਬੇ ਨੂੰ ਸਲਾਮ: ਮੁੱਖ ਮੰਤਰੀ ਮਾਨ
– 10 ਸਾਲਾ ਸ਼੍ਰਵਣ ਸਿੰਘ ਨੂੰ ਰਾਸ਼ਟਰੀ ਬਾਲ ਪੁਰਸਕਾਰ ਮਿਲਣ ‘ਤੇ CM ਮਾਨ ਨੇ ਦਿੱਤੀ ਵਧਾਈ
ਚੰਡੀਗੜ੍ਹ, 26 ਦਸੰਬਰ 2025 (ਵਿਸ਼ਵ ਵਾਰਤਾ): ਫਿਰੋਜ਼ਪੁਰ (Punjab) ਦੇ 10 ਸਾਲਾ ਸ਼ਰਵਨ ਸਿੰਘ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਦਿੱਲੀ ਵਿੱਚ ਆਯੋਜਿਤ ਇੱਕ ਸਮਾਰੋਹ ਦੌਰਾਨ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ। ਸ਼ਰਵਨ ਸਿੰਘ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਸਰਹੱਦੀ ਖੇਤਰ ‘ਚ ਚੱਲ ਰਹੇ ਤਣਾਅ ਵਿਚਾਲੇ ਬਾਰਡਰ ’ਤੇ ਤਾਇਨਾਤ ਭਾਰਤੀ ਫ਼ੌਜ ਨੂੰ ਚਾਹ,ਪਾਣੀ ਅਤੇ ਦੁੱਧ ਪਹੁੰਚਾਇਆ ਸੀ। ਉਸ ਦੀ ਇਸ ਦੇਸ਼ ਪ੍ਰਤੀ ਸੇਵਾ ਭਾਵਨਾ ਅਤੇ ਜਜ਼ਬੇ ਨੂੰ ਦੇਖਦਿਆਂ ਉਕਤ ਪੁਰਸਕਾਰ ਲਈ ਉਸ ਨੂੰ ਨਾਮਜ਼ਦ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਵਨ ਸਿੰਘ ਦੇ ਦੇਸ਼ ਪ੍ਰਤੀ ਹੌਸਲੇ ਅਤੇ ਜਜ਼ਬੇ ਨੂੰ ਸਲਾਮ ਕੀਤਾ ਅਤੇ ‘ਰਾਸ਼ਟਰੀ ਬਾਲ ਪੁਰਸਕਾਰ’ ਲਈ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ “ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਮਾਣਯੋਗ ਰਾਸ਼ਟਰਪਤੀ ਜੀ ਵੱਲੋਂ ਸਾਡੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ 10 ਸਾਲਾ ਸ਼੍ਰਵਣ ਸਿੰਘ ਨੂੰ ‘ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਸਾਡੇ ਗੁਰੂਆਂ ਵੱਲੋਂ ਦਿੱਤੀ ਗਈ ਸਿੱਖਿਆ ‘ਤੇ ਚੱਲਦੇ ਹੋਏ ਆਪ੍ਰੇਸ਼ਨ ਸਿੰਦੂਰ ਦੌਰਾਨ ਸ਼੍ਰਵਣ ਸਿੰਘ ਵੱਲੋਂ ਫੌਜੀ ਜਵਾਨਾਂ ਦੀ ਘਰੋਂ ਚਾਹ-ਪਾਣੀ ਅਤੇ ਖਾਣਾ ਲਿਆ ਕੇ ਕੀਤੀ ਸੇਵਾ ਕਾਬਿਲ-ਏ-ਤਾਰੀਫ਼ ਹੈ। ਬੱਚੇ ਦੇ ਦੇਸ਼ ਪ੍ਰਤੀ ਹੌਸਲੇ ਅਤੇ ਜਜ਼ਬੇ ਨੂੰ ਸਲਾਮ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























