Punjab: ਮੁੱਖ ਮੰਤਰੀ ਸਿਹਤ ਯੋਜਨਾ ਦਾ ਲੋਕ ਲੈ ਰਹੇ ਨੇ ਵੱਡਮੁੱਲਾ ਲਾਭ
– ਸਿਵਲ ਹਸਪਤਾਲ ‘ਚ ਹੋਏ ਗੋਡਿਆਂ ਦੇ ਸਫਲ ਆਪਰੇਸ਼ਨ, ਮਰੀਜ਼ਾਂ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਤਰਨ ਤਾਰਨ, 4 ਮਾਰਚ (ਵਿਸ਼ਵ ਵਾਰਤਾ ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਹਰੇਕ ਨਾਗਰਿਕ ਦੀ ਨਰੋਈ ਸਿਹਤ ਅਤੇ ਤੰਦਰੁਸਤੀ ਵਾਸਤੇ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਦਾ ਜ਼ਿਲ੍ਹਾ ਤਰਨ ਤਾਰਨ ਦੇ ਵਾਸੀਆਂ ਵੱਲੋਂ ਭਰਪੂਰ ਲਾਭ ਲਿਆ ਜਾ ਰਿਹਾ ਹੈ। ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ ਦੀ ਦੇਖ-ਰੇਖ ਹੇਠ ਜਿਥੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡਾਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਵਿਚ ਵੱਧ-ਚੜ੍ਹ ਕੇ ਬਣਾਇਆ ਜਾ ਰਿਹਾ ਹੈ ਉਥੇ ਨਾਲ ਹੀ ਨਾਗਰਿਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਰਾਂਹੀਂ ਆਪਣਾ ਇਲਾਜ ਕਰਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਰਾਹੁਲ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਾਉਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸਾਰੇ ਹੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਗਿਆ ਹੈ ਕਿ ਇਸ ਯੋਜਨਾ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਕਾਰਡ ਰਾਹੀਂ ਜ਼ਿਲ੍ਹੇ ਦੇ ਨਾਗਰਿਕ 10 ਲੱਖ ਰੁਪਏ ਤੱਕ ਦਾ ਆਪਣਾ ਇਲਾਜ ਬਿਲਕੁਲ ਮੁਫ਼ਤ ਕਰਵਾ ਸਕਣਗੇ। ਡਿਪਟੀ ਕਮਿਸ਼ਨਰ ਰਾਹੁਲ ਨੇ ਕਿਹਾ ਕਿ ਨਾਗਰਿਕਾਂ ਵੱਲੋਂ ਇਸ ਕਾਰਡ ਦਾ ਲਾਭ ਲੈਣਾ ਸ਼ੁਰੂ ਕੀਤਾ ਜਾ ਚੁੱਕਿਆ ਹੈ ਅਤੇ ਬੀਤੇ ਦਿਨੀਂ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਨਾਗਰਿਕਾਂ ਦੇ ਗੋਡਿਆਂ ਦੇ ਸਫ਼ਲ ਆਪਰੇਸ਼ਨ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੀਤੇ ਗਏ ਹਨ।
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਮਾਹਿਰ ਡਾਕਟਰਾਂ ਵੱਲੋਂ ਲੰਮੇ ਸਮੇਂ ਤੋਂ ਗੋਡਿਆਂ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਦਾ ਸਫਲ ਆਪਰੇਸ਼ਨ ਬਿਲਕੁਲ ਮੁਫਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਪਰੇਸ਼ਨ ਤੋਂ ਪਹਿਲਾਂ ਅਤੇ ਉਪਰੰਤ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮਰੀਜ਼ਾਂ ਦੀ ਸਾਂਭ- ਸੰਭਾਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਵਿਭਾਗ ਵੱਲੋਂ ਜਿਥੇ ਮਰੀਜ਼ਾਂ ਦਾ ਮੁਫ਼ਤ ਆਪਰੇਸ਼ਨ ਕੀਤਾ ਗਿਆ ਉਥੇ ਨਾਲ ਹੀ ਉਨ੍ਹਾਂ ਨੂੰ ਦਵਾਈਆਂ ਵੀ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ।
ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਦਾ ਲਾਭ ਲੈਂਦਿਆਂ ਜ਼ਿਲ੍ਹੇ ਦੇ 56 ਸਾਲਾ ਦਰਬਾਰਾ ਸਿੰਘ ਅਤੇ 63 ਸਾਲਾ ਵਸਨੀਕ ਦੀਦਾਰ ਸਿੰਘ ਵੱਲੋਂ ਆਪਣੇ ਗੋਡਿਆਂ ਦਾ ਆਪਰੇਸ਼ਨ ਕਰਵਾ ਕੇ ਸਫਲ ਇਲਾਜ ਕਰਵਾਇਆ ਗਿਆ। ਆਪਰੇਸ਼ਨ ਉਪਰੰਤ ਗੱਲਬਾਤ ਕਰਦਿਆਂ ਮਰੀਜ਼ ਦਰਬਾਰਾ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉਸ ਵੱਲੋਂ ਆਪਣੇ ਪਿੰਡ ਦੇ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣਵਾਇਆ ਗਿਆ ਸੀ ਅਤੇ ਕਾਰਡ ਬਣਵਾਉਣ ਤੋਂ ਬਾਅਦ ਉਸ ਵੱਲੋਂ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਆ ਕੇ ਆਪਣੇ ਗੋਡਿਆਂ ਦੀ ਜਾਂਚ ਮਾਹਿਰ ਡਾਕਟਰ ਪਾਸੋਂ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਮਾਹਿਰ ਡਾਕਟਰ ਵੱਲੋਂ ਉਨ੍ਹਾਂ ਨੂੰ ਗੋਡਿਆਂ ਦਾ ਆਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ ਅਤੇ ਡਾਕਟਰੀ ਸਲਾਹ ਨੂੰ ਮੰਨਦਿਆਂ ਉਨ੍ਹਾਂ ਵੱਲੋਂ ਸਰਕਾਰੀ ਹਸਪਤਾਲ ਤਰਨ ਤਰਨ ਵਿਖੇ ਆਪਣੇ ਗੋਡਿਆਂ ਦਾ ਆਪਰੇਸ਼ਨ ਕਰਵਾਇਆ ਗਿਆ। ਦਰਬਾਰਾ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਦੀ ਵਰਤੋਂ ਕਰਦਿਆਂ ਉਸ ਦਾ ਸਫਲ ਆਪਰੇਸ਼ਨ ਬਿਲਕੁਲ ਮੁਫ਼ਤ ਹੋਇਆ ਅਤੇ ਉਸ ਨੂੰ ਸਾਰੀਆਂ ਦਵਾਈਆਂ ਵੀ ਸਿਹਤ ਵਿਭਾਗ ਵੱਲੋਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਸੂਬੇ ਦੇ ਹਰੇਕ ਨਾਗਰਿਕ ਲਈ ਇੱਕ ਵਰਦਾਨ ਹੈ ਅਤੇ ਹਰੇਕ ਵਿਅਕਤੀ ਨੂੰ ਇਹ ਕਾਰਡ ਬਣਾਉਣਾ ਚਾਹੀਦਾ ਹੈ।
ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਲੈਣ ਵਾਲੇ ਦੂਸਰੇ ਮਰੀਜ਼ ਦੀਦਾਰ ਸਿੰਘ ਨੇ ਦੱਸਿਆ ਕਿ ਸਿਹਤ ਯੋਜਨਾ ਰਾਹੀਂ ਉਸ ਵੱਲੋਂ ਵੀ ਆਪਣੇ ਗੋਡਿਆਂ ਦਾ ਆਪਰੇਸ਼ਨ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਬਿਲਕੁਲ ਮੁਫ਼ਤ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਲੱਖਾਂ ਦੀ ਕੀਮਤ ਵਾਲਾ ਆਪਰੇਸ਼ਨ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਰਾਹੀਂ ਬਿਲਕੁਲ ਮੁਫ਼ਤ ਹੋਣਾ ਸੰਭਵ ਹੋਇਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/




















