Punjab: ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਹੋਇਆ ਵੱਡਾ ਬਦਲਾਅ
ਹੁਣ ਨਹੀਂ ਹੋਵੇਗੀ ਗੁਪਤ ਵੋਟਿੰਗ; ਪ੍ਰਸ਼ਾਸਕ ਕਟਾਰੀਆ ਨੇ ਸੋਧ ਨੂੰ ਦਿੱਤੀ ਮਨਜੂਰੀ; ਪੜ੍ਹੋ ਪੂਰੀ ਖਬਰ

ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ): ਚੰਡੀਗੜ੍ਹ ਨਗਰ ਨਿਗਮ (Punjab) ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਹੈ। ਹੁਣ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਗੁਪਤ ਵੋਟਿੰਗ ਰਾਹੀਂ ਨਹੀਂ ਹੋਵੇਗੀ ਸਗੋਂ ਹੱਥ ਖੜ੍ਹੇ ਕਰਕੇ ਕੀਤੀ ਜਾਵੇਗੀ। ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਸ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਉਨ੍ਹਾਂ ਨੇ “ਚੰਡੀਗੜ੍ਹ ਨਗਰ ਨਿਗਮ (ਪ੍ਰਕਿਰਿਆ ਅਤੇ ਸੰਚਾਲਨ) ਨਿਯਮ, 1996” ਦੇ ਨਿਯਮ 6 ਵਿੱਚ ਸੋਧ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹੁਣ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਜਨਤਕ ਅਤੇ ਪਾਰਦਰਸ਼ੀ ਹੋਵੇਗੀ। ਕਟਾਰੀਆ ਨੇ ਕਿਹਾ ਕਿ ਇਸ ਨਾਲ ਚੋਣ ਪ੍ਰਕਿਰਿਆ ਪਾਰਦਰਸ਼ੀ, ਜਵਾਬਦੇਹ ਅਤੇ ਲੋਕਤੰਤਰੀ ਪ੍ਰਣਾਲੀ ਪ੍ਰਤੀ ਭਰੋਸੇਮੰਦ ਬਣੇਗੀ। ਕੌਂਸਲਰਾਂ ਦੀ ਭੂਮਿਕਾ ਵੀ ਹੁਣ ਵਧੇਰੇ ਸਪੱਸ਼ਟ ਤੌਰ ‘ਤੇ ਦਿਖਾਈ ਦੇਵੇਗੀ।
ਦੱਸ ਦੇਈਏ ਕਿ ਇਸ ਸਾਲ ਜਨਵਰੀ ਵਿੱਚ ਹੋਈਆਂ ਮੇਅਰ ਚੋਣਾਂ ਵਿੱਚ ਗੁਪਤ ਵੋਟਿੰਗ ਨੂੰ ਲੈ ਕੇ ਬਹੁਤ ਵਿਵਾਦ ਹੋਇਆ ਸੀ। ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਚੋਣ ਪ੍ਰਕਿਰਿਆ ਵਿੱਚ ਧਾਂਦਲੀ ਕਰਨ ਅਤੇ ਕੌਂਸਲਰਾਂ ਦੀਆਂ ਵੋਟਾਂ ਰੱਦ ਕਰਨ ਦਾ ਦੋਸ਼ ਲਗਾਇਆ ਸੀ। ਮਾਮਲਾ ਹਾਈ ਕੋਰਟ ਤੱਕ ਪਹੁੰਚਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























