Punjab: ਕੈਪਟਨ ਤੇ ਅਡਾਨੀ ਦੀ ਮੁਲਾਕਾਤ ਨਾਲ ਗਰਮਾਇਆ ਪੰਜਾਬ ਦਾ ਸਿਆਸੀ ਮਾਹੌਲ
– ਸਿਆਸੀ ਗਲਿਆਰਿਆਂ ‘ਚ ਛੇੜੀ ਨਵੀ ਚਰਚਾ!
ਨਵੀ ਦਿੱਲੀ, 5 ਅਪ੍ਰੈਲ 2026 (ਵਿਸ਼ਵ ਵਾਰਤਾ) – ਪੰਜਾਬ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਇਸ ਸਮੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਹਨ। ਇਸ ਵਿਚਾਲੇ ਹੀ ਭਾਰਤ ਦੇ ਪ੍ਰਮੁੱਖ ਕਾਰੋਬਾਰੀ ਦਿੱਗਜਾਂ ਵਿੱਚੋਂ ਇੱਕ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਬੀਤੇ ਦਿਨੀ ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਘਰ ਪਹੁੰਚ ਮੁਲਾਕਾਤ ਕੀਤੀ। ਇਸ ਮੁਲਾਕਾਤ ਨੇ ਰਾਜਨੀਤਿਕ ਹਲਕਿਆਂ ‘ਚ ਹਲਚਲ ਮਚਾ ਦਿੱਤੀ ਹੈ।
ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁਲਾਕਾਤ ਦੀ ਫੇਸਬੁੱਕ ਅਕਾਊਂਟ ‘ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ ।ਜਿਸ ਨਾਲ ਉਨ੍ਹਾਂ ਲਿਖਿਆ ਕਿ “ਰਾਤ ਦੇ ਖਾਣੇ ‘ਤੇ ਗੌਤਮ ਅਤੇ ਪ੍ਰੀਤੀ ਅਡਾਨੀ ਦੀ ਮੇਜ਼ਬਾਨੀ ਕਰਕੇ ਬਹੁਤ ਖੁਸ਼ੀ ਹੋਈ। ਉਹ ਦੇਸ਼ ਲਈ ਜੋ ਕਰ ਰਹੇ ਹਨ, ਉਹ ਮੈਨੂੰ ਹੈਰਾਨ ਕਰਦਾ ਹੈ ਅਤੇ ਮੈਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਾ ਹਾਂ। ਭਾਰਤ ਨੂੰ ਉਨ੍ਹਾਂ ਵਰਗੇ ਲੋਕਾਂ ਦੀ ਲੋੜ ਹੈ।” ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਪੰਜਾਬ ਦੀ ਸਿਆਸੀ ਸਥਿਤੀ ਅਤੇ ਕੌਮੀ ਮੁੱਦਿਆਂ ‘ਤੇ ਚਰਚਾ ਵੀ ਹੋਈ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਹਰ ਸਿਆਸੀ ਪਾਰਟੀ ਵਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ। ਚੋਣ ਵਰ੍ਹੇ ਦੇ ਮੱਦੇਨਜ਼ਰ ਭਾਜਪਾ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਯਾਦ ਰਹੇ ਕਿ ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿੱਲੀ ਚਾਹਲ ਵਿਖੇ ਰੈਲੀ ਕੀਤੀ ਗਈ ਜਿਸ ਚ ਉਨ੍ਹਾਂ ਸਪਸ਼ਟ ਕਿਹਾ ਕਿ ਪਾਰਟੀ ਹੁਣ ਪੰਜਾਬ ਵਿੱਚ ‘ਛੋਟੇ ਭਾਈ’ ਦੇ ਰੂਪ ਵਿੱਚ ਨਹੀਂ ,ਸਗੋਂ ਪੂਰੀ ਤਾਕਤ ਦੇ ਨਾਲ ਆਪਣੀ ਸਰਕਾਰ ਬਣਾਉਣ ਦੇ ਲਈ ਮੈਦਾਨ ਵਿੱਚ ਉਤਰੇਗੀ । ਇਸ ਤੋਂ ਇਲਾਵਾ ਹਰਿਆਣਾ ਸੀਐਮ ਸੈਣੀ ਵੀ ਹਰ ਸਮਾਗਮ ‘ਚ ਦਸਤਾਰ ਸਜਾ ਕੇ ਸ਼ਮੂਲੀਅਤ ਕਰ ਰਹੇ ਹਨ। ਲੋਕਾਂ ਵੱਲੋਂ ਇਸ ਸਭ ਨੂੰ ਜੋੜ ਕੇ ਵੱਖਰੋ ਵੱਖਰੇ ਮਾਇਨੇ ਕੱਢੇ ਜਾ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























