Punjab: ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਲੋਹੜੀ ਦੇ ਮੌਕੇ ‘ਤੇ ਸੁਨਾਮ ਵਾਸੀਆਂ ਨੂੰ ਇੱਕ ਹੋਰ ਅਹਿਮ ਸੌਗਾਤ
ਕੈਬਨਿਟ ਮੰਤਰੀ ਅਮਨ ਅਰੋੜਾ ਨੇ 3.68 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੰਜਾਬ ਦੇ ਚੌਥੇ ਜੋਨਲ ਡਰੱਗ ਵੇਅਰ ਹਾਊਸ ਦਾ ਨੀਹ ਪੱਥਰ ਰੱਖਿਆ
ਸੰਗਰੂਰ ਸਮੇਤ ਕਈ ਜ਼ਿਲਿਆਂ ਦੇ ਹਸਪਤਾਲਾਂ ਨੂੰ ਹੋਵੇਗੀ ਦਵਾਈਆਂ ਦੀ ਸਪਲਾਈ
ਡਰੱਗ ਵੇਅਰ ਹਾਊਸ ਵਿੱਚ ਹਰ ਵੇਲੇ ਮੌਜੂਦ ਰਹਿਣਗੀਆਂ 15 ਤੋਂ 18 ਕਰੋੜ ਰੁਪਏ ਮੁੱਲ ਦੀਆਂ ਦਵਾਈਆਂ : ਅਮਨ ਅਰੋੜਾ
ਸੁਨਾਮ ਊਧਮ ਸਿੰਘ ਵਾਲਾ, 12 ਜਨਵਰੀ (ਵਿਸ਼ਵ ਵਾਰਤਾ):- ਲੋਹੜੀ ਦੇ ਪਵਿੱਤਰ ਦਿਹਾੜੇ ਦੇ ਮੌਕੇ ਉੱਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਸੁਨਾਮ ਦੇ ਵਾਸੀਆਂ ਨੂੰ ਇੱਕ ਹੋਰ ਅਹਿਮ ਸੌਗਾਤ ਦਿੱਤੀ ਹੈ। ਸਿਵਲ ਹਸਪਤਾਲ ਸੁਨਾਮ ਵਿਖੇ ਲਗਭਗ 3.68 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਜੋਨਲ ਡਰੱਗ ਵੇਅਰ ਹਾਊਸ ਦਾ ਨੀਹ ਪੱਥਰ ਰੱਖਦਿਆਂ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਵੇਅਰ ਹਾਊਸ ਦੇ ਬਣਨ ਨਾਲ ਨਾ ਕੇਵਲ ਸੰਗਰੂਰ ਬਲਕਿ ਨੇੜਲੇ ਕਈ ਜ਼ਿਲਿਆਂ ਦੇ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਦੀ ਘਾਟ ਨੂੰ ਹਮੇਸ਼ਾ ਲਈ ਦੂਰ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ ਇੱਕ ਵੱਡਾ ਸਟੋਰ ਹੋਵੇਗਾ ਜਿੱਥੇ ਕਿ ਹਰ ਵੇਲੇ 15 ਤੋਂ 18 ਕਰੋੜ ਰੁਪਏ ਦੇ ਮੁੱਲ ਦੀਆਂ ਹਰ ਕਿਸਮ ਦੀਆਂ ਦਵਾਈਆਂ ਮੌਜੂਦ ਰਹਿਣਗੀਆਂ ਅਤੇ ਜ਼ਿਲ੍ਹਿਆਂ ਦੀ ਲੋੜ ਮੁਤਾਬਕ ਇੱਥੋਂ ਇਹਨਾਂ ਦਵਾਈਆਂ ਦੀ ਸਪਲਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਪੰਜਾਬ ਦਾ ਚੌਥਾ ਜੋਨਲ ਡਰੱਗ ਵੇਅਰ ਹਾਊਸ ਹੈ ਜੋ ਕਿ ਸਿਹਤ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਉਣ ਦਾ ਜ਼ਰੀਆ ਸਾਬਤ ਹੋਵੇਗਾ।
ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਡੇ ਲੋਕ ਹਿਤਾਂ ਨੂੰ ਤਰਜੀਹ ਦਿੰਦਿਆਂ ਯੋਜਨਾਬਧ ਢੰਗ ਨਾਲ ਪ੍ਰੋਜੈਕਟ ਉਲੀਕ ਰਹੀ ਹੈ। ਉਹਨਾਂ ਕਿਹਾ ਕਿ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਦਵਾਈਆਂ ਦੀ ਘਾਟ ਕਾਰਨ ਲੋਕਾਂ ਨੂੰ ਪ੍ਰਾਈਵੇਟ ਕੈਮਿਸਟ ਸ਼ਾਪ ਤੋਂ ਮਹਿੰਗੇ ਮੁੱਲ ਤੇ ਦਵਾਈਆਂ ਖਰੀਦਣੀਆਂ ਪੈਂਦੀਆਂ ਹਨ ਅਤੇ ਇਸ ਜੋਨਲ ਡਰੱਗ ਵੇਅਰ ਹਾਊਸ ਦੇ ਨਿਰਮਾਣ ਨਾਲ ਅਜਿਹੀਆਂ ਸਮੱਸਿਆਵਾਂ ਤੋਂ ਹਮੇਸ਼ਾਂ ਲਈ ਛੁਟਕਾਰਾ ਮਿਲ ਜਾਵੇਗਾ ਅਤੇ ਲੋੜਵੰਦ ਲੋਕ ਵੱਡੀ ਰਾਹਤ ਮਹਿਸੂਸ ਕਰਨਗੇ।
ਲੋਕਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਵਿਧਾਨ ਸਭਾ ਹਲਕਾ ਸੁਨਾਮ ਉਧਮ ਸਿੰਘ ਵਾਲਾ ਦੇ 6 ਸਰਕਾਰੀ ਸਕੂਲਾਂ ਵਿੱਚ ਵੀ ਲਗਭਗ ਡੇਢ ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਹਲਕੇ ਦੇ ਸਰਬਪੱਖੀ ਵਿਕਾਸ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਨੇਕਾਂ ਪ੍ਰੋਜੈਕਟ ਪਾਈਪ ਲਾਈਨ ਵਿੱਚ ਹਨ ਜਿਨਾਂ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਅੰਦਰ ਮੁਕੰਮਲ ਕਰਕੇ ਸੁਨਾਮ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਜੋਨਲ ਡਰੱਗ ਵੇਅਰ ਹਾਊਸ ਦੇ ਨੀਹ ਪੱਥਰ ਸਮਾਰੋਹ ਮੌਕੇ ਸਿਵਲ ਹਸਪਤਾਲ ਦੇ ਐਸ.ਐਮ.ਓ ਡਾਕਟਰ ਸੰਜੇ ਕਾਮਰਾ ਨੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸ਼੍ਰੀ ਅਮਨ ਅਰੋੜਾ ਵੱਲੋਂ ਸਿਵਲ ਹਸਪਤਾਲ ਵਿੱਚ ਨਵੇਂ ਓਪੀਡੀ ਬਲਾਕ ਅਤੇ ਬਲੱਡ ਬੈਂਕ ਸਮੇਤ ਅਨੇਕਾਂ ਲੋਕ ਪੱਖੀ ਪ੍ਰੋਜੈਕਟਾਂ ਨੂੰ ਸਫਲਤਾ ਨਾਲ ਨੇਪਰੇ ਚੜਾਇਆ ਗਿਆ ਹੈ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ, ਚੇਅਰਮੈਨ ਮਾਰਕੀਟ ਕਮੇਟੀ ਮੁਕੇਸ਼ ਜਨੇਜਾ, ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ, ਸਾਹਿਬ ਸਿੰਘ ਬਲਾਕ ਪ੍ਰਧਾਨ, ਮਨਪ੍ਰੀਤ ਬਾਂਸਲ, ਰਵੀ ਕਮਲ ਗੋਇਲ, ਨਰਿੰਦਰ ਸਿੰਘ ਠੇਕੇਦਾਰ, ਰਿੰਪੀ ਥਿੰਦ, ਗੁਰਿੰਦਰਪਾਲ ਸਿੰਘ ਖੇੜੀ, ਦਵਿੰਦਰ ਗੋਧਾ ਈਲਵਾਲ, ਦੀਪ ਸਰਪੰਚ ਕਨੋਈ, ਰਾਜਾ ਪ੍ਰਧਾਨ ਟਰੱਕ ਯੂਨੀਅਨ, ਐਮਸੀ ਗੁਰਤੇਗ ਸਿੰਘ ਨਿੱਕਾ, ਚਮਕੌਰ ਹਾਂਡਾ, ਘਨਈਆ ਲਾਲ, ਹਰਵਿੰਦਰ ਨਾਮਧਾਰੀ, ਰਾਮ ਕੁਮਾਰ, ਅਮਰੀਕ ਧਾਲੀਵਾਲ,, ਜਰਨੈਲ ਸਿੰਘ ਬੱਬੂ, ਨਿਰਮਲਾ ਦੇਵੀ, ਰੂਪ ਰੇਖਾ, ਬਲਾਕ ਪ੍ਰਧਾਨ ਸੰਦੀਪ ਜਿੰਦਲ, ਮਨੀ ਸਰਾਓ, ਸੰਜੀਵ ਕੁਮਾਰ ਐਸਡੀਓ ਪਬਲਿਕ ਹੈਲਥ, ਲਾਭ ਸਿੰਘ ਨੀਲੋਵਾਲ, ਸੁਭਾਸ਼ ਤਨੇਜਾ, ਬਿੱਟੂ ਤਲਵਾਰ ਵੀ ਹਾਜ਼ਰ ਸਨ।