Punjab ਕੈਬਨਿਟ ਮੀਟਿੰਗ ‘ਚ ਲਏ ਗਏ ਵੱਡੇ ਫੈਸਲੇ; ਪੜ੍ਹੋ ਵੇਰਵਾ
– BBMB ‘ਚ ਮੁਲਾਜ਼ਮਾਂ ਲਈ ਬਣਾਇਆ ਜਾਵੇਗਾ ਵੱਖਰਾ ਕਾਡਰ
– ਜਲਦੀ ਹੀ ਭਰੀਆਂ ਜਾਣਗੀਆਂ 3,000 ਤੋਂ ਵੱਧ ਅਸਾਮੀਆਂ
-ਸੀਐਚਸੀ ਦੋਰਾਹਾ ਵਿਖੇ 51 ਨਵੀਆਂ ਅਸਾਮੀਆਂ ਨੂੰ ਮਨਜ਼ੂਰੀ
– 24 ਨਵੰਬਰ ਨੂੰ ਅਨੰਦਪੁਰ ਸਾਹਿਬ ‘ਚ ਹੋਵੇਗਾ ਵਿਧਾਨ ਸਭਾ ਦਾ ਸੈਸ਼ਨ
ਚੰਡੀਗੜ੍ਹ, 15 ਨਵੰਬਰ 2025 (ਵਿਸ਼ਵ ਵਾਰਤਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ। ਇਹ ਕੈਬਨਿਟ ਮੀਟਿੰਗ ਸੀਐਮ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਸੀਐਮ ਰਿਹਾਇਸ਼ ’ਤੇ ਹੋਈ। ਜਿਸ ‘ਚ ਕਈ ਵੱਡੇ ਫੈਸਲੇ ਲਏ ਗਏ। ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਲਈ ਇੱਕ ਵੱਖਰਾ ਕੇਡਰ ਬਣਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਸਾਡੇ ਨੌਜਵਾਨਾਂ ਨੂੰ ਉਸ ਕੇਡਰ ਵਿੱਚ ਭਰਤੀ ਕੀਤਾ ਜਾ ਸਕੇ। ਜਲਦੀ ਹੀ 3,000 ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ।
ਹਰਪਾਲ ਚੀਮਾ ਨੇ ਕਿਹਾ ਕਿ ਮਲੇਰਕੋਟਲਾ ਖੇਡ ਵਿਭਾਗ ਵਿੱਚ ਤਿੰਨ ਨਵੀਆਂ ਅਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਮਲੇਰਕੋਟਲਾ ਸਹਿਕਾਰੀ ਵਿਭਾਗ ਵਿੱਚ ਰਜਿਸਟਰਾਰ, ਡਿਪਟੀ ਰਜਿਸਟਰਾਰ ਅਤੇ ਇੰਸਪੈਕਟਰ ਦੀਆਂ ਗਿਆਰਾਂ ਅਸਾਮੀਆਂ ਭਰੀਆਂ ਜਾਣਗੀਆਂ।
ਇਕ ਹੋਰ ਵੱਡੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਵਿਤ ਮੰਤਰੀ ਨੇ ਕਿਹਾ ਕਿ ਸੀਐਚਸੀ ਦੋਰਾਹਾ ਵਿਖੇ 51 ਨਵੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡੈਂਟਲ ਟੀਚਿੰਗ ਫੈਕਲਟੀ ਲਈ ਉਮਰ ਸੀਮਾ 62 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ। ਸੀਡੀਪੀਓ ਦੀਆਂ 16 ਅਸਾਮੀਆਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ, ਅਤੇ ਵਿਭਾਗ ਜਲਦੀ ਹੀ ਉਨ੍ਹਾਂ ਨੂੰ ਭਰਨਾ ਸ਼ੁਰੂ ਕਰੇਗਾ।
ਇਕ ਹੋਰ ਵੱਡੀ ਜਾਣਕਾਰੀ ਸਾਂਝੀ ਕਰਦਿਆਂ ਚੀਮਾ ਨੇ ਕਿਹਾ ਕਿ 350ਵੇਂ ਸ਼ਹੀਦੀ ਦਿਵਸ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਸੈਸ਼ਨ 24 ਨਵੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਹੋਵੇਗਾ। ਉਸ ਦਿਨ ਕੋਈ ਜਨਰਲ ਇਜਲਾਸ ਨਹੀਂ ਹੋਵੇਗਾ, ਸਗੋਂ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਵਿਚਾਰਾਂ ‘ਤੇ ਹੀਂ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























