Punjab Cabinet Expansion: ਜਾਣੋ ਕਿਹੜੇ ਜ਼ਿਲ੍ਹਿਆਂ ਨੂੰ ਮਿਲੇ ਗੱਫੇ
– ਪੰਜਾਬ ਦੇ ਇਨ੍ਹਾਂ 12 ਜ਼ਿਲ੍ਹਿਆਂ ਤੋਂ ਕੋਈ ਮੰਤਰੀ ਨਹੀਂ ਹੈ ਕੈਬਿਨੇਟ ‘ਚ ਸ਼ਾਮਿਲ

ਚੰਡੀਗੜ੍ਹ, 3 ਜੁਲਾਈ (ਵਿਸ਼ਵ ਵਾਰਤਾ): ਪੰਜਾਬ ਵਿਚ ਅੱਜ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਵਿਸਥਾਰ (Punjab Cabinet Expansion) ਕੀਤਾ ਗਿਆ ਹੈ। ਪੰਜਾਬ ਕੈਬਨਿਟ ‘ਚ ਨਵੇਂ ਮੰਤਰੀ ਦੀ ਐਂਟਰੀ ਹੋ ਗਈ ਹੈ। ਲੁਧਿਆਣਾ ਪੱਛਮੀ ਹਲਕੇ ਤੋਂ ਹਾਲ ਹੀ ‘ਚ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਸੰਜੀਵ ਅਰੋੜਾ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ।
ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ 3 ਸਾਲਾਂ ਦੇ ਕਾਰਜਕਾਲ ਦੌਰਾਨ ਇਹ ਮੰਤਰੀ ਮੰਡਲ ਦਾ 7ਵਾਂ ਵਿਸਥਾਰ (Punjab Cabinet Expansion) ਹੈ। ਸੰਜੀਵ ਅਰੋੜਾ ਹੁਣ ਭਗਵੰਤ ਮਾਨ ਦੀ ਕੈਬਨਿਟ ਵਿੱਚ 17ਵੇਂ ਮੰਤਰੀ ਹੋ ਗਏ ਹਨ। ਇਸ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਬਦਲਾਅ ਦੀ ਸੰਭਾਵਨਾ ਹੈ।
ਇਸ ਵਿਚਾਲੇ ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਪੰਜਾਬ ਦੇ 12 ਅਜਿਹੇ ਜ਼ਿਲੇ ਹਨ ਜਿਨਾਂ ਤੋਂ ਅਜੇ ਤਕ ਕੋਈ ਮੰਤਰੀ ਨਹੀਂ ਹੈ ਸਿਰਫ 11 ਜ਼ਿਲੇ ਹੀ ਅਜਿਹੇ ਹਨ ਜਿੰਨਾ ਤੋਂ ਮੰਤਰੀਆਂ ਨੂੰ ਕੈਬਿਨੇਟ ‘ਚ ਥਾਂ ਮਿਲੀ ਹੈ । ਇਨਾਂ ‘ਚ ਸੰਗਰੂਰ ਤੋਂ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਮੁੱਖ ਮੰਤਰੀ ਭਗਵੰਤ ਮਾਨ, ਬਰਿੰਦਰ ਕੁਮਾਰ ਗੋਇਲ; ਲੁਧਿਆਣਾ ਤੋਂ ਤਰੁਣਪ੍ਰੀਤ ਸਿੰਘ ਸੌਂਦ, ਸੰਜੀਵ ਅਰੋੜਾ, ਹਰਦੀਪ ਸਿੰਘ ਮੁੰਡੀਆ; ਮੁਕਤਸਰ ਤੋਂ ਗੁਰਮੀਤ ਸਿੰਘ ਖੁੱਡੀਆਂ ਅਤੇ ਡਾ. ਬਲਜੀਤ ਕੌਰ; ਅੰਮ੍ਰਿਤਸਰ ਤੋਂ ਹਰਭਜਨ ਸਿੰਘ ਈ ਟੀ ਓ ਤੇ ਕੁਲਦੀਪ ਸਿੰਘ ਧਾਲੀਵਾਲ; ਤਾਰਨ ਤਾਰਨ ਤੋਂ ਲਾਲਜੀਤ ਸਿੰਘ ਭੁੱਲਰ, ਜਲੰਧਰ ਤੋਂ ਮੋਹਿੰਦਰ ਭਗਤ, ਪਠਾਨਕੋਟ ਤੋਂ ਲਾਲ ਚੰਦ ਕੱਟਾਰੂਚੱਕ, ਰੋਪੜ ਤੋਂ ਹਰਜੋਤ ਸਿੰਘ ਬੈਂਸ; ਪਟਿਆਲਾ ਤੋਂ ਡਾ. ਬਲਬੀਰ ਸਿੰਘ, ਹੁਸ਼ਿਆਰਪੁਰ ਤੋਂ ਰਵਿਜੋਤ ਸਿੰਘ, ਫਰੀਦਕੋਟ ਤੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ਼ਾਮਿਲ ਹਨ।
ਜਦਕਿ ਬਰਨਾਲਾ, ਬਠਿੰਡਾ, ਸ੍ਰੀ ਫ਼ਤਹਿਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜਪੁਰ, ਗੁਰਦਾਸਪੁਰ, ਕਪੂਰਥਲਾ ਮਾਨਸਾ, ਮਾਲੇਰਕੋਟਲਾ,ਐਸ ਏ ਐਸ ਨਗਰ, ਮੋਗਾ, ਸ਼ਹੀਦ ਭਗਤ ਸਿੰਘ ਨਗਰ ਤੋਂ ਅਜੇ ਤਕ ਕੋਈ ਮੰਤਰੀ ਕੈਬਿਨੇਟ ‘ਚ ਨਹੀਂ ਹੈ। ਇਸ ਦੇ ਨਾਲ ਹੀ ਸਿਰਫ ਡਾ. ਬਲਜੀਤ ਕੌਰ ਹੀ ਇਕਲੌਤੇ ਔਰਤ ਕੈਬਿਨੇਟ ਮੰਤਰੀ ਵਜੋਂ ਮੰਤਰੀ ਮੰਡਲ ਚ ਸ਼ਾਮਿਲ ਹਨ।
ਪੰਜਾਬ ਸਰਕਾਰ ਵਲੋਂ ਅਖੀਰਲੀ ਵਾਰ ਸਤੰਬਰ 2024 ਵਿੱਚ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਸੀ। ਇਸ ਦੌਰਾਨ ਹਰਦੀਪ ਮੁੰਡੀਆਂ, ਬਰਿੰਦਰ ਕੁਮਾਰ ਗੋਇਲ, ਤਰੁਨਪ੍ਰੀਤ ਸੌਂਦ, ਡਾ. ਰਵਜੋਤ ਸਿੰਘ, ਮਹਿੰਦਰ ਭਗਤ ਨੂੰ ਕੈਬਿਨੇਟ ‘ਚ ਸ਼ਾਮਲ ਕੀਤਾ ਗਿਆ ਸੀ। ਜਦਕਿ ਚੇਤਨ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ, ਬਲਕਾਰ ਸਿੰਘ, ਅਨਮੋਲ ਗਗਨ ਮਾਨ ਨੂੰ ਕੱਢਿਆ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























