Punjab: ਪੰਥਕ ਹਲਕਿਆਂ ਵਿੱਚ ਸੋਗ ਦੀ ਲਹਿਰ! ਨਾਮ-ਰਸੀਏ ਭਾਈ ਭਰਪੂਰ ਸਿੰਘ ਸਮਾਣਾ ਦਾ ਸੜਕ ਹਾਦਸੇ ਵਿੱਚ ਦੇਹਾਂਤ
ਪਟਿਆਲਾ, 26 ਅਪ੍ਰੈਲ 2026 (ਵਿਸ਼ਵ ਵਾਰਤਾ): ਅਖੰਡ ਕੀਰਤਨੀ ਜਥੇ ਦੇ ਨਾਮ-ਰਸੀਏ ਭਾਈ ਭਰਪੂਰ ਸਿੰਘ ਸਮਾਣਾ ਦਾ ਭਿਆਨਕ ਸੜਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ ਉਹ 26 ਅਪ੍ਰੈਲ ਦੀ ਸਵੇਰ ਨੂੰ ਲਗਪਗ ਢਾਈ ਵਜੇ ਸਮਾਣਾ-ਭਵਾਨੀਗੜ੍ਹ ਸੜਕ ‘ਤੇ ਸਥਿਤ ਆਪਣੇ ਪਿੰਡ ਗਾਜੇਵਾਸ ਤੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸਮਾਣਾ ਵਿਖੇ ਰੋਜ਼ਾਨਾ ਵਾਂਗ ਗੁਰਬਾਣੀ ਸੰਥਿਆ ਅਤੇ ਕੀਰਤਨ ਸਿਖਲਾਈ ਦੇਣ ਜਾ ਰਹੇ ਸਨ।
ਇਸ ਦੌਰਾਨ ਸਮਾਣਾ ਤੋਂ 6 ਕਿਲੋਮੀਟਰ ਪਹਿਲਾਂ ਪਿੰਡ ਬੰਮਣਾ ਦੇ ਕੋਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਪਰਾਲੀ ਵਾਲੀ ਕਿਸੇ ਟਰਾਲੀ ਨਾਲ ਹੋ ਗਈ, ਜਿਸ ਦੀਆਂ ਲਾਈਟਾਂ ਨਹੀਂ ਸਨ। ਉਨ੍ਹਾਂ ਨੂੰ ਸੜਕ ‘ਤੇ ਡਿੱਗੇ ਹੋਇਆਂ ਵੇਖ ਕੇ ਕਿਸੇ ਰਾਹਗੀਰ ਨੇ ਪਛਾਣ ਲਿਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਨੇ ਸਿਰ ਵਿਚ ਗੰਭੀਰ ਸੱਟ ਵੱਜਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ। ਭਾਈ ਭਰਪੂਰ ਸਿੰਘ ਜੀ ਲਗਪਗ 57 ਸਾਲਾਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਪੁੱਤਰ, ਨੂੰਹ ਅਤੇ ਇਕ ਧੀ ਛੱਡ ਗਏ ਹਨ।
ਦੱਸਣਯੋਗ ਹੈ ਕਿ ਭਾਈ ਭਰਪੂਰ ਸਿੰਘ ਜੀ ਸਮਾਣਾ, ਕੈਨੇਡਾ ਆਧਾਰਿਤ ਗੁਰਮਤਿ ਬਿਬੇਕ ਸੰਸਥਾ ਦੇ ਬਾਨੀ ਗੁਰਪੁਰਵਾਸੀ ਭਾਈ ਕੁਲਬੀਰ ਸਿੰਘ ਜੀ ਟੋਰਾਂਟੋ ਦੇ ਕੁੜਮ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਜਿੱਥੇ ਅਖੰਡ ਕੀਰਤਨੀ ਜਥੇ ਵਿਚ ਲੰਬੇ ਸਮੇਂ ਤੱਕ ਨਾ ਪੂਰਿਆ ਜਾਣ ਵਾਲਾ ਖਲਾਅ ਪੈਦਾ ਹੋ ਗਿਆ ਹੈ, ਉਥੇ ਹੀ ਸਮਾਣਾ ਖੇਤਰ ਵਿਚ ਵੀ ਸੋਗ ਦੀ ਲਹਿਰ ਪਸਰ ਗਈ ਹੈ।
ਭਾਈ ਭਰਪੂਰ ਸਿੰਘ ਜੀ ਰੋਜ਼ਾਨਾ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਸਮਾਣਾ ਦੇ ਆਸ-ਪਾਸ ਅੱਧੀ ਦਰਜਨ ਤੋਂ ਵੱਧ ਵੱਖ-ਵੱਖ ਪਿੰਡਾਂ ਵਿਚ ਮੋਟਰਸਾਈਕਲ ‘ਤੇ ਜਾ ਕੇ ਨਿਸ਼ਕਾਮ ਤੌਰ ‘ਤੇ ਬੱਚਿਆਂ, ਨੌਜਵਾਨਾਂ ਅਤੇ ਵੱਡਿਆਂ ਨੂੰ ਗੁਰਬਾਣੀ ਦੀ ਲੜੀਵਾਰ ਸਰੂਪ ਤੋਂ ਪਰੰਪਰਾਗਤ ਸੰਥਿਆ ਤੇ ਕੀਰਤਨ ਦੀ ਸਿਖਲਾਈ ਦਿੰਦੇ ਸਨ। ਸਮਾਣਾ ਇਲਾਕੇ ਦੇ ਪਿੰਡਾਂ ਵਿਚ ਉਹ ਇਕ ਸੰਸਥਾ ਵਾਂਗ ਵਿਚਰ ਕੇ ਗੁਰਮਤਿ ਦਾ ਨਿਸ਼ਕਾਮ ਪ੍ਰਚਾਰ ਕਰ ਰਹੇ ਸਨ, ਜਿਸ ਕਾਰਨ ਵੱਡੀ ਗਿਣਤੀ ਨੌਜਵਾਨ ਸਿੱਖੀ ਸਰੂਪ ਵਿਚ ਆ ਰਹੇ ਸਨ। ਉਨ੍ਹਾਂ ਨੂੰ ਇਲਾਕੇ ਦੇ ਲੋਕ ਉਨ੍ਹਾਂ ਨੂੰ ‘ਭਾਈ ਸਾਹਿਬ’ ਕਹਿ ਕੇ ਸਤਿਕਾਰ ਦਿੰਦੇ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























