Punjab : ਫਾਜ਼ਿਲਕਾ ਦਾ ਫੌਜੀ ਜਵਾਨ ਮੇਘਾਲਿਆ ‘ਚ ਡਿਊਟੀ ਦੌਰਾਨ ਸ਼ਹੀਦ
– ਮੁੱਖ ਮੰਤਰੀ ਮਾਨ ਨੇ ਜਤਾਇਆ ਦੁੱਖ; ਪਰਿਵਾਰ ਲਈ ਕੀਤਾ ਵੱਡਾ ਐਲਾਨ
ਫਾਜ਼ਿਲਕਾ, 27 ਦਸੰਬਰ 2025 (ਵਿਸ਼ਵ ਵਾਰਤਾ): ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਝੁੱਗੇ ਗੁਲਾਬ ਸਿੰਘ ਦਾ ਬੀਐਸਐਫ ਜਵਾਨ ਰਾਜਿੰਦਰ ਸਿੰਘ ਮੇਘਾਲਿਆ ਦੇ ਸ਼ਿਲਾਂਗ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਉਸਦੀ ਸ਼ਹਾਦਤ ਦੀ ਖ਼ਬਰ ਨਾਲ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ, ਰਾਜਿੰਦਰ ਸਿੰਘ (30) ਦੋ ਸਾਲ ਪਹਿਲਾਂ ਬੀਐਸਐਫ ਵਿੱਚ ਭਰਤੀ ਹੋਇਆ ਸੀ ਅਤੇ ਜਨਵਰੀ 2026 ‘ਚ ਰਾਜਿੰਦਰ ਸਿੰਘ ਦਾ ਵਿਆਹ ਹੋਣਾ ਸੀ। ਘਰ ਵਿੱਚ ਉਸਦੇ ਮਾਤਾ-ਪਿਤਾ, ਭਰਾ-ਭੈਣ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ। ਪਰ ਇਸ ਮੰਦਭਾਗੀ ਖਬਰ ਨੇ ਪਰਿਵਾਰ ‘ਚ ਖੁਸ਼ੀ ਦੇ ਮਾਹੌਲ ਨ ਮਾਤਮ ‘ਚ ਬਦਲ ਦਿੱਤਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਰਾਜਿੰਦਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਸੀਐਮ ਮਾਨ ਨੇ ਟਵੀਟ ਕਰ ਕਿਹਾ ਕਿ “ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਝੁੱਗੇ ਗੁਲਾਬ ਸਿੰਘ ਦੇ ਫੌਜੀ ਜਵਾਨ ਰਾਜਿੰਦਰ ਸਿੰਘ ਦੇ ਮੇਘਾਲਿਆ ਦੇ ਸ਼ਿਲਾਂਗ ‘ਚ ਡਿਊਟੀ ਦੌਰਾਨ ਸ਼ਹੀਦ ਹੋਣ ਦੀ ਦੁਖਦਾਈ ਖ਼ਬਰ ਮਿਲੀ। ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ। ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਸਲੇ ਤੇ ਸਿਦਕ ਨੂੰ ਦਿਲੋਂ ਸਲਾਮ। ਇਸ ਔਖੀ ਘੜੀ ਵਿੱਚ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਖੜੀ ਹੈ। ਹਰ ਸੰਭਵ ਸਹਾਇਤਾ ਪਰਿਵਾਰ ਨੂੰ ਦਿੱਤੀ ਜਾਵੇਗੀ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























