PUNJAB : ਅੱਜ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਹੋਣਗੀਆਂ ਸਿਆਸੀ ਕਾਨਫਰੰਸਾਂ
ਅਲੱਗ ਸਟੇਜ ਲਗਾਏਗਾ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ
ਸੰਗਰੂਰ, 20ਅਗਸਤ (ਵਿਸ਼ਵ ਵਾਰਤਾ)PUNJAB: ਅੱਜ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸੰਗਰੂਰ ਦੇ ਲੌਂਗੋਵਾਲ ਵਿਖੇ ਮਨਾਈ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਾਗੀ ਧੜੇ ਵਲੋਂ ਅਲੱਗ ਅਲੱਗ ਸਿਆਸੀ ਕਾਨਫਰੰਸ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵਲੋਂ ਵੀ ਬਰਸੀ ਮੌਕੇ ਸਟੇਜ ਲਗਾਈ ਜਾ ਰਹੀ ਹੈ। ਪਰ ਇਹ ਸਾਫ ਨਹੀਂ ਹੈ ਕਿ ਸੀਐਮ ਭਗਵੰਤ ਸਿੰਘ ਮਾਨ ਸਮਾਗਮ ‘ਚ ਸ਼ਮੂਲੀਅਤ ਕਰਨਗੇ ਜਾ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਲੋਂ ਇਸ ਮੌਕੇ ਵੱਡਾ ਇੱਕਠ ਦਿਖਾਉਣ ਦੀ ਪੂਰੀ ਕੋਸ਼ਿਸ਼ ਰਹੇਗੀ। ਸ਼੍ਰੋਮਣੀ ਅਕਾਲੀ ਦਲ ਸੀ ਸਿਆਸਤ ‘ਚ ਦਿਲਚਸਪੀ ਰੱਖਣ ਵਾਲਿਆਂ ਦੀ ਅਤੇ ਸੱਤਾ ਧਿਰ ਦੀ ਨਜਰ ਅੱਜ ਇਸ ਕਾਨਫਰੰਸ ‘ਤੇ ਰਹੇਗੀ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਾਗੀ ਧੜਾ ਅੱਜ ਆਪਣਾ ਸ਼ਕਤੀ ਪ੍ਰਦਰਸ਼ਨ ਕਰੇਗਾ। ਬਾਗੀ ਆਗੂ ਅੱਜ ਆਪਣੀ ਸੁਧਾਰ ਲਹਿਰ ਨੂੰ ਤਿੱਖਾ ਕਰਦੇ ਹੋਏ ਨਜਰ ਆ ਸਕਦੇ ਹਨ ਅਤੇ ਕਈ ਨਵੇਂ ਐਲਾਨ ਵੀ ਉਨ੍ਹਾਂ ਵਲੋਂ ਕੀਤੇ ਜਾ ਸਕਦੇ ਹਨ। ਇਸੇ ਤਰਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਗਵਾਚੀ ਸਿਆਸੀ ਤਾਕਤ ਨੂੰ ਮੁੜ ਤੋਂ ਇੱਕਠਾ ਕਰਦੇ ਹੋਏ ਨਜਰ ਆਉਣਗੇ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ, ਬਲਦੇਵ ਸਿੰਘ ਮਾਨ, ਗਗਨਦੀਪ ਸਿੰਘ ਬਰਨਾਲਾ ਆਦਿ ਬਾਗੀ ਧੜੇ ਦੀ ਕਮਾਨ ਸੰਭਾਲ ਰਹੇ ਹਨ। ਸੁਖਬੀਰ ਬਾਦਲ ਨੂੰ ਲਲਕਾਰਨ ਵਾਲੇ ਅਕਾਲੀ ਵੱਡੀ ਸਿਆਸੀ ਲੜਾਈ ਲੜਨ ਦੇ ਰੌਅ ‘ਚ ਲੱਗ ਰਹੇ ਹਨ। ਦੂਜੇ ਪਾਸੇ ਸੁਖਬੀਰ ਬਾਦਲ ਤੇ ਸਮਰਥਕਾਂ ਨੇ ਬਰਸੀ ਨੂੰ ਆਪਣੇ ਵੱਕਾਰ ਦਾ ਸਵਾਲ ਬਣਾ ਲਿਆ ਹੈ। ਬਾਦਲ ਨੇ ਬਰਸੀ ਵੱਡੇ ਪੱਧਰ ‘ਤੇ ਮਨਾਉਣ ਦੇ ਹੁਕਮ ਦਿੱਤੇ ਹਨ। ਪਾਰਟੀ ਸੰਤ ਲੌਂਗੋਵਾਲ ਦੀ ਬਰਸੀ ਸਮਾਗਮ ਵਿੱਚ ਵੱਧ ਤੋਂ ਵੱਧ ਭੀੜ ਇਕੱਠੀ ਕਰਕੇ ਬਾਗੀਆਂ ਨੂੰ ਸਖ਼ਤ ਸੁਨੇਹਾ ਦੇਣਾ ਚਾਹੁੰਦੀ ਹੈ। ਇਸ ਨੂੰ ਮੁੱਖ ਰੱਖਦਿਆਂ ਬਾਦਲ ਦਲ ਦੇ ਆਗੂਆਂ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ। ਨਾਰਾਜ਼ ਆਗੂਆਂ ਨੂੰ ਸੁਆਰਥੀ ਦੱਸਦਿਆਂ ਲੋਕਾਂ ਨੂੰ ਬਰਸੀ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਹੈ। ਅਹਿਜੇ ‘ਚ ਦੋਵੇ ਸਿਆਸੀ ਗੁੱਟ ਜਿਥੇ ਆਪਣੀ ਅਸਲ ਸਿਆਸੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕਰਨਗੇ ਉਥੇ ਹੀ ਵੱਡੇ ਫੈਸਲੇ ਲੈ ਕੇ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਵੀ ਕਰਨਗੇ। ਕਾਨਫਰੰਸ ‘ਚ ਜੁੜਿਆ ਇੱਕਠ ਵੀ ਦੋਵਾਂ ਧੜਿਆਂ ਦੀ ਸਿਆਸੀ ਤਾਕਤ ਨੂੰ ਸਪਸ਼ਟ ਕਰੇਗਾ।