PUNJAB : ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਜਨਮ ਦਿਹਾੜੇ ਤੇ ਵਿਸ਼ੇਸ਼
ਕਹਾਣੀਕਾਰ ਸੰਤੋਖ ਸਿੰਘ ਧੀਰ (2 ਦਸੰਬਰ 1920- 8 ਫਰਵਰੀ 2010 ) ਦਾ ਜਨਮ ਸ: ਈਸ਼ਰ ਸਿੰਘ ਦੇ ਘਰ ਮਾਤਾ ਜਮਨਾ ਦੇਵੀ ਦੀ ਕੁੱਖੋਂ ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ (ਮੌਜੂਦਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿਖੇ ਹੋਇਆ। ਇੱਥੇ ਉਹਨਾਂ ਦੇ ਨਾਨਕੇ ਸਨ। ਉਹਨਾਂ ਦਾ ਅਸਲ ਪਿੰਡ ਜ਼ਿਲ੍ਹਾ ਲੁਧਿਆਣਾ ਵਿਚ ਖੰਨਾ ਦੇ ਨੇੜੇ ਪਿੰਡ ਡਡਹੇੜੀ ਸੀ। ਮੁੱਢਲੇ ਤੌਰ ‘ਤੇ ਸੰਤੋਖ ਸਿੰਘ ਧੀਰ ਪੰਜਾਬੀ ਕਹਾਣੀਕਾਰ ਦੇ ਤੌਰ ‘ਤੇ ਜਾਣੇ ਜਾਂਦੇ ਹਨ ਜਦਕਿ ਉਹਨਾਂ ਨੇ ਕਹਾਣੀ ਤੋਂ ਇਲਾਵਾ ਕਵਿਤਾ ਤੇ ਵਾਰਤਕ ਵੀ ਲਿਖੀ। ਘਰੋਗੀ ਤੇ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਉਹ ਉੱਚ ਵਿਦਿਆ ਹਾਸਲ ਨਾ ਕਰ ਸਕੇ। ਉਹਨਾਂ ਨੇ ਗਿਆਨੀ ਅਤੇ ਮੈਟ੍ਰਿਕ, ਸਿਰਫ਼ ਅੰਗਰੇਜ਼ੀ) ਦੀ ਪ੍ਰੀਖਿਆ ਪਾਸ ਕੀਤੀ। ਕੁਝ ਚਿਰ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ, ਪਰ ਛੇਤੀ ਹੀ ਉਹਨਾਂ ਸਾਹਿਤ ਲੇਖਣ ਵੱਲ ਰੁਚਿਤ ਹੋ ਗਏ ਅਤੇ ਨਿਰੋਲ ਸਾਹਿਤਕਾਰ ਸਾਰੀ ਉਮਰ ਲੰਘਾ ਦਿੱਤੀ। ਉਨ੍ਹਾਂ ਦੀ ਸਾਹਿਤ ਰਚਨਾ ਵਿੱਚ ਕਾਵਿ ਸੰਗ੍ਰਹਿ: ਪਹੁ-ਫੁਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤ ਝੜੇ ਪੁਰਾਣੇ, ਬਿਰਹੜੇ, ਅੱਗ ਦੇ ਪੱਤੇ, ਕਾਲੀ ਬਰਛੀ, ਸੰਜੀਵਨੀ, ਸਿੰਘਾਵਲੀ, ਆਉਣ ਵਾਲਾ ਸੂਰਜ, ਜਦੋਂ ਅਸੀਂ ਆਵਾਂਗੇ, ਪੈਰ, ਝੱਖੜ ਝੁੱਲਣ, ਕੋਧਰੇ ਦਾ ਮਹਾਂਗੀਤ; ਕਹਾਣੀ ਸੰਗ੍ਰਹਿ: ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਸ਼ੇਰਾਂ ਦੀ ਆਵਾਜ਼ (ਸਿੱਖ ਇਤਿਹਾਸ ਦੀਆਂ ਕਹਾਣੀਆਂ), ਊਸ਼ਾ ਭੈਣ ਜੀ ਚੁੱਪ ਸਨ, ਪੱਖੀ, ਇਕ ਕੁੱਤਾ ਤੇ ਮੈਂ, ਪੱਕਾ ਰਾਗ, ਖੱਬੇ ਪੱਖੀ; ਨਾਵਲ: ਦੋ ਫੁੱਲ, ਉਹ ਦਿਨ, ਯਾਦਗਾਰ, ਮੈਨੂੰ ਇਕ ਸੁਫਨਾ ਆਇਆ, ਹਿੰਦੋਸਤਾਂ ਹਮਾਰਾ, ਨਵਾਂ ਜਨਮ, ਨਹੀਂ ਜੀ, ਖਿਮਾ ਆਦਿ ਸ਼ਾਮਿਲ ਹਨ। 1947 ਦੇ ਉਜਾੜੇ ਦੇ ਦਰਦ ਦੀ ਬਾਤ ਪਾਉਂਦੀ ਉਨ੍ਹਾਂ ਦੀ ਕਹਾਣੀ ‘ਮੇਰਾ ਉੱਜੜਿਆ ਗੁਆਂਢੀ’ ਦੇ ਨਾਟਕੀ ਰੁਪਾਂਤਰ ਤੋਂ ਇਲਾਵਾ ਪੰਜਾਬ ਦੀ ਪੇਂਡੂ ਜ਼ਿੰਦਗੀ ਦੇ ਵੱਖੋ-ਵੱਖਰੇ ਮਸਲਿਆਂ ਬਾਬਤ ਕਹਾਣੀਆਂ ‘ਭੇਤ ਵਾਲੀ ਗੱਲ’, ‘ਕੋਈ ਇਕ ਸਵਾਰ’, ‘ਸਾਂਝੀ ਕੰਧ’, ‘ਗੱਲਾਂ ਲਈ ਗੱਲਾਂ ਅਤੇ ‘ਸਵੇਰ ਹੋਣ ਤੱਕ’ ਉਪਰ ਅਧਾਰਿਤ ਨਾਟਕ ‘ਕਹਾਣੀ ਇਕ ਪਿੰਡ ਦੀ’ ਵੀ ਲਿਖਿਆ।
ਸੰਤੋਖ ਸਿੰਘ ਧੀਰ ਕੁੱਲ-ਵਕਤੀ ਲੇਖਕ ਸਨ। ਸਾਹਿਤ-ਸਾਧਨਾ ਉਹਨਾਂ ਲਈ ਮਿਸ਼ਨ ਸੀ। ਉਹ ਤਮਾਮ ਉਮਰ ਕਿਰਤੀ ਵਰਗ ਅਤੇ ਹਾਸ਼ੀਏ ’ਤੇ ਧੱਕੇ ਸਮਾਜ ਦੇ ਮਸਲਿਆਂ ਨੂੰ ਆਪਣੀਆਂ ਲਿਖਤਾਂ ਰਾਹੀਂ ਮੁਖ਼ਾਤਬਿ ਰਹੇ। ਸਾਹਿਤ ਸਿਰਜਣਾ ਉਹਨਾਂ ਦਾ ਸਿਆਸੀ ਮੋਰਚਾ ਸੀ ,ਜਿਸ ਉੱਪਰ ਉਹ ਅੱਠ ਦਹਾਕੇ ਪੂਰੀ ਦ੍ਰਿੜ੍ਹਤਾ ਤੇ ਸਮਾਜੀ ਸਿਆਸੀ ਸੁਚੇਤਨਾ ਨਾਲ ਲਬਰੇਜ਼ ਕਲਮਕਾਰ ਵਜੋਂ ਡਟੇ ਰੇ। ਉਹਨਾਂ ਨੇ ਆਪਣੀ ਸਾਹਿਤ-ਸਾਧਨਾ ਦੇ ਮੁੱਢਲੇ ਪੜਾਅ ’ਤੇ ਹੀ ਇੱਕ ਨਿਰਣਾ ਕਰ ਲਿਆ ਸੀ ਕਿ ਉਹ ਬਦਰੰਗ ਨੈਣ-ਨਕਸ਼ਾਂ ਵਾਲੀ ਉਸ ਕਿਰਤੀ ਜਮਾਤ ਦਾ ਲੇਖਕ ਹੈ ਜੋ ਸਭ ਸੁਖ-ਸਾਧਨਾਂ ਤੋਂ ਵਾਂਝੀ ਇੱਕ ਤਰ੍ਹਾਂ ਪਸ਼ੂ ਜੂਨ ਹੀ ਨਹੀਂ ਭੋਗਦੀ ਸਗੋਂ ਮਾਨਵੀ ਗੌਰਵ ਗੁਆਉਣ ਦਾ ਸੰਤਾਪ ਵੀ ਭੋਗਦੀ ਹੈ। ਉਹਨਾਂ ਦੀਆਂ ਨਜ਼ਮਾਂ ਤੇ ਕਹਾਣੀਆਂ ਦੇ ਪਾਤਰ ਨਾ ਸੰਸਾਰਕ ਝਮੇਲਿਆਂ ਤੋਂ ਮੁਕਤ ਵਿਸਮਾਦੀ ਆਨੰਦ ਦੀ ਤਲਬ ਵਾਲੇ ਭਗਤ-ਜਨ ਹਨ, ਨਾ ਇਸ਼ਕ ਦੇ ਰੰਗ ’ਚ ਰੱਤੇ ਮਦ-ਮਸਤ ਪ੍ਰੇਮੀ, ਨਾ ਲਟਲਟ ਬਲਦੀ ਕਾਮਨਾ ਵਾਲੀਆਂ ਸੋਹਲ-ਮਲੂਕ ਨਾਰਾਂ ਅਤੇ ਨਾ ਬਰੂਹਾਂ ’ਤੇ ਪਹੁੰਚੇ ਇਨਕਲਾਬ ਲਈ ਹਾਕਲ-ਬਾਕਲ ਹੋਏ ਮੱਧ-ਵਰਗੀ ਬੁੱਧੀਜੀਵੀ। ਉਹਨਾਂ ਦੀਆਂ ਲਿਖਤਾਂ ਦੇ ਕੇਂਦਰ ਵਿੱਚ ਮੁਸ਼ੱਕਤ ਵਿੱਚ ਸਧੇ ਹੋਏ ਕਰੜੇ ਜੁੱਸਿਆਂ ਵਾਲੇ ਤਾਂਬੇ ਰੰਗੇ ਕਿਰਤੀ ਹਨ। ਆਪਣੀ ਸਿਰਜਣਾ ਦੇ ‘ਪਹੁ-ਫੁਟਾਲੇ’ ਵੇਲੇ ਹੀ ਉਹਨਾਂ ਨੇ ਥੁੜੀ-ਟੁੱਟੀ ਕਿਸਾਨੀ, ਨਰਕੀ ਜੀਵਨ ਭੋਗਦੇ ਕਸਬੀਆਂ, ਬਾਰੂ ਤੇ ਕੁੰਦਨ ਵਰਗੇ ਕੋਚਵਾਨਾਂ, ਭੇਡਾਂ ਚਾਰਦੀਆਂ ਜਾਂਗਲੀ ਓਢਣੀਆਂ ਤੇ ਜ਼ਿੰਦਗੀ ਦਾ ਭੱਠ ਝੋਕਦੀਆਂ ਭੱਠੀ ਵਾਲੀਆਂ ਨੂੰ ਆਪਣੇ ਸਾਹਿਤ ਦੇ ਕੇਂਦਰ ਵਿੱਚ ਲੈ ਆਂਦਾ। ਆਪਣੀ ਨਜ਼ਮ ‘ਸਨਮਾਨ’ (‘ਜਦੋਂ ਅਸੀਂ ਆਵਾਂਗੇ’) ਵਿੱਚ ਉਹ ਇੱਕ ਸਾਹਿਤਕਾਰ ਵਜੋਂ ਆਪਣਾ ਸਥਾਨ ਇੰਝ ਸਪੱਸ਼ਟ ਕਰਦੇ ਹਨ।
ਕਿੰਨਾ ਵੱਡਾ ਸਨਮਾਨ ਹੈ ਇਹ
ਜਿਹੜੇ ਆਕਾਸ਼ ਦੀ ਛੱਤ ਥੱਲੇ ਸੌਂਦੇ ਹਨ
ਧਰਤੀ ਦੇ ਵਿਛੌਣੇ ਉੱਤੇ
ਉਨ੍ਹਾਂ ਦੇ ਨਾਲ ਹੋਣਾ
ਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ
ਇਸ ਸੰਸਾਰ ਨੂੰ ਦੇਖਣਾ…
ਕਿੰਨਾ ਵੱਡਾ ਸਨਮਾਨ ਹੈ ਇਹ
ਗੁਰੂ ਨਾਨਕ ਦਾ ਸਿੱਖ ਹੋਣਾ
ਲੈਨਿਨ ਦਾ ਸਿਪਾਹੀ ਹੋਣਾ।