Punjab ਵਿਧਾਨ ਸਭਾ ਜ਼ਿਮਨੀ ਚੋਣਾਂ : ਚੋਣ ਪ੍ਰਚਾਰ ਦਾ ਅੱਜ ਹੈ ਆਖ਼ਰੀ ਦਿਨ
20 ਨਵੰਬਰ ਨੂੰ ਹੋਵੇਗੀ ਚਾਰ 4 ਵਿਧਾਨ ਸਭਾ ਸੀਟਾਂ ਤੇ ਵੋਟਿੰਗ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ) ਜ਼ਿਮਨੀ ਚੋਣਾਂ ਲਈ ਪਿਛਲੇ 3 ਹਫ਼ਤਿਆਂ ਤੋਂ ਜ਼ੋਰਦਾਰ ਢੰਗ ਨਾਲ ਚੋਣ ਪ੍ਰਚਾਰ ਚੱਲ ਰਿਹਾ ਹੈ, ਜੋ ਚੋਣ ਜ਼ਾਬਤੇ ਤਹਿਤ ਅੱਜ ਸ਼ਾਮ 6 ਵਜੇ ਬੰਦ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣਾਂ 20 ਨਵੰਬਰ ਨੂੰ ਹੋਣ ਵਾਲੀਆਂ ਹਨ, ਜਿਹਨਾਂ ਵਿੱਚ ਗਿੱਦੜਬਾਹਾ, ਚੱਬੇਵਾਲ, ਡੇਰਾ ਬਾਬਾ ਨਾਨਕ ਤੇ ਬਰਨਾਲਾ ਸੀਟ ਸ਼ਾਮਿਲ ਹਨ। ਜਾਣਕਾਰੀ ਅਨੁਸਾਰ ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ ਤੇ ਗਿੱਦੜਬਾਹਾ ਦੀਆਂ ਉਪ ਚੋਣਾਂ ਲਈ 831 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਹਨ ਜਿਨ੍ਹਾਂ ਵਿਚੋਂ 250 ਤੋਂ ਵੱਧ ਬੂਥ, ਸੰਵੇਦਨਸ਼ੀਲ ਨਾਜ਼ੁਕ ਅਤੇ ਵਿਸ਼ੇਸ ਸੁਰੱਖਿਆ ਤਹਿਤ ਲਿਆਂਦੇ ਗਏ ਹਨ। 4 ਹਲਕਿਆਂ ਵਿਚ 4200 ਤੋਂ ਵੱਧ ਸਿਵਲ ਪੋਲਿੰਗ ਸਟਾਫ਼ ਲਗਾਇਆ ਹੈ ਜੋ ਮੰਗਲਵਾਰ ਸ਼ਾਮ 19 ਨਵੰਬਰ ਨੂੰ ਹੀ ਆਪੋ ਅਪਣੇ ਬੂਥਾਂ ’ਤੇ ਪਹੁੰਚ ਜਾਵੇਗਾ ਅਤੇ ਵੋਟਾਂ ਪਾਉਣ ਦੀ ਪ੍ਰਕਿਰਿਆ ਬੁੱਧਵਾਰ 20 ਨਵੰਬਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।
ਜਾਣਕਾਰੀ ਅਨੁਸਾਰ 831 ਪੋਲਿੰਗ ਸਟੇਸ਼ਨਾਂ ’ਤੇ ਸਭ ਤਰ੍ਹਾਂ ਨਾਲ ਵੈੱਬ ਕਾਸਟਿੰਗ, ਵੀਡੀਉਗ੍ਰਾਫ਼ੀ, ਪ੍ਰਤੀ ਹਲਕਾ 3 ਫ਼ਲਾਇੰਗ ਸੁਕੈਡ, ਸਰਵੇਖਣ ਟੀਮਾਂ ਅਤੇ ਕੁੱਲ 10 ਆਬਜ਼ਰਵਰ ਤੈਨਾਤ ਕੀਤੇ ਗਏ ਹਨ। ਡੇਰਾ ਬਾਬਾ ਨਾਨਕ ਹਲਕੇ ਦੇ ਕੁਲ 1,93,268 ਵੋਟਰਾਂ ਲਈ 241 ਪੋਲਿੰਗ ਸਟੇਸ਼ਨ, ਚੱਬੇਵਾਲ ਰਿਜ਼ਰਵ ਦੇ 1,59,254 ਵੋਟਰਾਂ ਵਾਸਤੇ 205, ਗਿੱਦੜਬਾਹਾ ਵਿਚ 1,66,489 ਵੋਟਰਾਂ ਲਈ 173 ਅਤੇ ਬਰਨਾਲਾ ਵਿਧਾਨ ਸਭਾ ਹਲਕੇ ਦੇ ਕੁਲ 1,77,305 ਵੋਟਰਾਂ ਲਈ 212 ਪੋਲਿੰਗ ਸਟੇਸ਼ਨ ਬਣਾਏ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























