ਸ਼ਬਦ ਮੇਰਾ ਹੈ ਧਰਮ ਦੋਸਤੋ : ਪ੍ਰੋ. ਗੁਰਭਜਨ ਗਿੱਲ
ਚੰਡੀਗੜ੍ਹ, 29 ਮਾਰਚ(ਵਿਸ਼ਵ ਵਾਰਤਾ)
ਸ਼ਬਦ ਮੇਰਾ ਹੈ ਧਰਮ ਦੋਸਤੋ, ਸ਼ਬਦ ਮੇਰਾ ਈਮਾਨ ਦੋਸਤੋ ।
ਸ਼ਬਦੋਂ ਸੱਖਣੇ ਨਿਰਸ਼ਬਦੇ ਨੂੰ, ਕੌਣ ਕਹੇ ਇਨਸਾਨ ਦੋਸਤੋ ।
ਤੇਰਾ ਪੰਥ ਗ੍ਰੰਥ ਗੁਰੂ ਹੈ, ਮੇਰੇ ਇਸ਼ਟ ਸਿਖਾਇਆ ਮੈਨੂੰ ।
ਇਕ ਓਂਕਾਰ ਬਿਨਾ ਸਭ ਮਿਥਿਆ, ਇਕੋ ਸਬਕ ਪੜ੍ਹਾਇਆ ਮੈਨੂੰ ।
ਨਿਰਭਉ ਤੇ ਨਿਰਵੈਰ ਗੁਰੂ ਦੀ, ਉਂਗਲੀ ਦੇ ਲੜ ਲਾਇਆ ਮੈਨੂੰ ।
ਹੱਕ ਸੱਚ ਇਨਸਾਫ਼ ਦੀ ਖ਼ਾਤਰ, ਹੋ ਜਾਵਾਂ ਕੁਰਬਾਨ ਦੋਸਤੋ ।
ਸ਼ਬਦ ਮੇਰਾ ਹੈ ਧਰਮ ਦੋਸਤੋ… ।
ਬਿਨਸੇ ਨਾਹੀਂ ਸਦਾ ਅਜੂਨੀ, ਕਾਲਮੁਕਤ ਹੈ ਮੁਰਸ਼ਦ ਮੇਰਾ ।
ਅਨਹਦ ਨਾਦ ਵਜਾਵਣਹਾਰੇ, ਲਾਇਆ ਕਣ ਕਣ ਦੇ ਵਿਚ ਡੇਰਾ ।
ਮਹਿਕ ਮਹਿਕ ਲਟਬੌਰੀ ਛਾਂ ਹੈ, ਜੀਕੂੰ ਚੰਦਨ ਰੁੱਖ ਦਾ ਘੇਰਾ ।
ਡਰਦਾ ਕਦੇ ਡਰਾਉਂਦਾ ਨਾਹੀਂ, ਦੇਵੇ ਅਕਲਾਂ ਦਾਨ ਦੋਸਤੋ ।
ਸ਼ਬਦ ਮੇਰਾ ਹੈ ਧਰਮ ਦੋਸਤੋ… ।
ਦਸਮ ਗੁਰੂ ਦੀ ਸਿੱਖਿਆ ਮੈਨੂੰ, ਤੇਰੇ ਲਈ ਪਰਮੇਸ਼ਰ ਪੋਥੀ ।
ਇਸ ਦੇ ਬ੍ਰਹਮ ਵਿਚਾਰ ਸਾਹਮਣੇ, ਸਮਝੀਂ ਤੂੰ ਹਰ ਗੱਲ ਨੂੰ ਥੋਥੀ ।
ਪੜ੍ਹ ਕੇ ਆਪ ਪੜ੍ਹਾਵੀਂ ਦੂਜੇ, ਹਰ ਮੁਸ਼ਕਿਲ ਦਾ ਹੱਲ ਹੈ ਪੋਥੀ ।
ਆਪਣਾ ਮੂਲ ਪਛਾਨਣ ਵਾਲਾ ਦੇਵੇ ਅਸਲ ਗਿਆਨ ਦੋਸਤੋ ।
ਸ਼ਬਦ ਮੇਰਾ ਹੈ ਧਰਮ ਦੋਸਤੋ… ।
ਬਾਬਰ ਨੂੰ ਜਾਬਰ ਇਹ ਕਹਿੰਦਾ, ਰਾਜੇ ਸ਼ੀਂਹ ਮੁਕੱਦਮ ਕੁੱਤੇ ।
ਸ਼ਰਮ ਸ਼ਰ੍ਹਾ ਨਾ ਪਰਦਾ ਕੋਈ, ਜਾਏ ਜਗਾਇਨ ਬੈਠੇ ਸੁੱਤੇ ।
ਛਲ ਤੇ ਕਪਟ ਵਿਕਾਰ ਮੁਕਤ ਹੈ, ਦੱਸੋ ਕਿਹੜਾ ਇਸ ਤੋਂ ਉੱਤੇ ।
ਉਨ੍ਹਾਂ ਨਾਲ ਤੁਰਾਂ ਨਾ ਜਿਹੜੇ ਜ਼ੋਰੀ ਮੰਗਣ ਦਾਨ ਦੋਸਤੋ ।
ਸ਼ਬਦ ਮੇਰਾ ਹੈ ਧਰਮ ਦੋਸਤੋ… ।
ਪੰਜ ਸਦੀਆਂ ਪਹਿਲਾਂ ਇਸ ਦੱਸਿਆ, ਪਵਨ ਗੁਰੂ ਧਰਤੀ ਹੈ ਮਾਤਾ ।
ਪਾਣੀ ਬਾਬਲ ਵਾਂਗ ਪਵਿੱਤਰ, ਸਰਬ ਧਰਮ ਨੂੰ ਇਕ ਕਰ ਜਾਤਾ ।
ਮਾਈ ਬਾਪ ਬਣਾਇਆ ਰੱਬ ਨੂੰ, ਮਿੱਤਰ ਬੇਲੀ ਕਦੇ ਭਰਾਤਾ ।
ਇਹ ਸਭ ਸਬਕ ਭੁਲਾ ਕੇ ਆਪਾਂ ਬਣੀਏ ਨਾ ਹੈਵਾਨ ਦੋਸਤੋ ।
ਸ਼ਬਦ ਮੇਰਾ ਹੈ ਧਰਮ ਦੋਸਤੋ ।
ਪੰਜ ਵਿਕਾਰ ਨਿਸ਼ਾਨੀ ਲਾ ਕੇ, ਗੁਰਬਾਣੀ ਨੇ ਇਹ ਸਮਝਾਇਆ ।
ਮੋਹ-ਮਮਤਾ ਹੰਕਾਰ ਤੋਂ ਪਿੱਛੋਂ, ਕਾਮ ਕ੍ਰੋਧ ਲੋਭ ਦੀ ਮਾਇਆ ।
ਇਨ੍ਹਾਂ ਪੰਜਾਂ ਦੇ ਵੱਸ ਪੈ ਕੇ, ਬੰਦਿਆਂ ਮਾਨਸ ਜਨਮ ਗੰਵਾਇਆ ।
ਪੰਜ ਚੋਰਾਂ ਤੋਂ ਮੁਕਤੀ ਖ਼ਾਤਰ, ਬਣ ਜਾਈਏ ਦਰਬਾਨ ਦੋਸਤੋ ।
ਸ਼ਬਦ ਮੇਰਾ ਹੈ ਧਰਮ ਦੋਸਤੋ… ।
ਇਸ ਧਰਤੀ ਦੇ ਮਾਲ ਖ਼ਜ਼ਾਨੇ, ਰਤਨ ਅਮੋਲ ਪਦਾਰਥ ਛੱਤੀ ।
ਗੁਰ ਬਿਨ ਗਿਆਨ ਕਦੇ ਨਾ ਮਿਲਦਾ, ਜਗਦੀ ਨਹੀਂ ਤੇਲ ਬਿਨ ਬੱਤੀ ।
ਸ਼ੁਭ ਅਮਲਾਂ ਬਾਝੋਂ ਸਭ ਮਿੱਟੀ, ਇਸ ਵਿਚ ਝੂਠ ਨਹੀਂ ਹੈ ਰੱਤੀ ।
ਘੜ ਘੜ ਕੱਢੇ ਖੋਟ ਮਨਾਂ ‘ਚੋਂ, ਜੇ ਪੜ੍ਹ ਲਏ ਇਨਸਾਨ ਦੋਸਤੋ ।
ਸ਼ਬਦ ਮੇਰਾ ਹੈ ਧਰਮ ਦੋਸਤੋ… ।
ਇਹ ਸ਼ੀਸ਼ਾ ਹੈ ਅਦਭੁਤ ਸ਼ੀਸ਼ਾ, ਘਟ ਘਟ ਦੇ ਅੰਦਰ ਦੀ ਜਾਣੇ ।
ਕਰਕ ਕਲੇਜੇ ਵਾਲੀ ਬੁੱਝੇ, ਭਲੇ ਬੁਰੇ ਦੀ ਪੀੜ ਪਛਾਣੇ ।
ਭਲਾ ਸਦਾ ਸਰਬੱਤ ਦਾ ਮੰਗੇ, ਸਭ ਨੂੰ ਆਪਣਾ ਹੀ ਕਰ ਜਾਣੇ ।
ਮੈਨੂੰ ਪੂਜਣ ਤੋਂ ਇਹ ਵਰਜੇ ਮਿੱਟੀ ਦੇ ਭਗਵਾਨ ਦੋਸਤੋ ।
ਸ਼ਬਦ ਮੇਰਾ ਹੈ ਧਰਮ ਦੋਸਤੋ… ।
ਅੰਬਰ ਥਾਲੀ ਦੀਵੇ ਧਰਕੇ, ਸਦ-ਜੀਵੀ ਅਰਦਾਸ ਸੁਣਾਵੇ ।
ਦੀਵਿਆਂ ਦੀ ਥਾਂ ਚੰਦ ਤੇ ਸੂਰਜ, ਤਾਰਾ-ਮੰਡਲ ਨਾਲ ਸੁਹਾਵੇ ।
ਵਗਦੀ ਪੌਣ ਝੁਲਾਵੇ ਚੌਰੀ, ਸਗਲ ਬਨਸਪਤੀ ਸਾਜ਼ ਵਜਾਵੇ ।
ਨਾਦ ਸ਼ਬਦ ਸੁਰ ਮਿਲ ਕੇ ਲਾਉਂਦੇ, ਸੁਣ ਲਉ ਅਨਹਦ ਤਾਨ ਦੋਸਤੋ ।
ਸ਼ਬਦ ਮੇਰਾ ਹੈ ਧਰਮ ਦੋਸਤੋ, ਸ਼ਬਦ ਮੇਰਾ ਈਮਾਨ ਦੋਸਤੋ ।
ਸ਼ਬਦੋਂ ਸੱਖਣੇ ਨਿਰਸ਼ਬਦੇ ਨੂੰ ਕੌਣ ਕਹੇ ਇਨਸਾਨ ਦੋਸਤੋ।























