Politics News : ਪ੍ਰਧਾਨ ਮੰਤਰੀ ਮੋਦੀ 14 ਸਤੰਬਰ ਨੂੰ ਕਰਨਗੇ ਬੀਜੇਪੀ ਦੀ ਚੋਣ ਪ੍ਰਚਾਰ ਮੁਹਿੰਮ ਦਾ ਆਗਾਜ਼
ਕੁਰਕਸ਼ੇਤਰ ,9 ਸਤੰਬਰ (ਵਿਸ਼ਵ ਵਾਰਤਾ)Politics News: ਪੀਐਮ ਨਰੇਂਦਰ ਮੋਦੀ 14 ਸਤੰਬਰ ਨੂੰ ਕੁਰਕਸ਼ੇਤਰ ਤੋਂ ਬੀਜੇਪੀ ਦੀ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਦੀ ਇਹ ਚੁਣਾਵੀ ਰੈਲੀ 2 ਵਜੇ ਸ਼ੁਰੂ ਹੋਵੇਗੀ, ਇਹ ਜਾਣਕਾਰੀ ਥਾਣੇਸਰ ਵਿਧਾਨ ਸਭਾ ਖੇਤਰ ਦੇ ਉਮੀਦਵਾਰ ਸੁਭਾਸ਼ ਸੁਧਾ ਨੇ ਐਤਵਾਰ ਨੂੰ ਆਪਣੇ ਚੋਣ ਦਫਤਰ ਦਾ ਉਦਘਾਟਨ ਕਰਨ ਮੌਕੇ ਦਿੱਤੀ ਹੈ। ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਪਹੁੰਚੇ ਸਨ। ਇਸ ਮੌਕੇ ਉਹਨਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੀ ਇਸ ਰੈਲੀ ਨੂੰ ਸੁਣਨ ਲਈ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਹੋਵੇਗਾ। ਇਸ ਮੌਕੇ ਉਹਨਾਂ ਬੀਜੇਪੀ ਦੇ ਵਰਕਰਾਂ ਅਤੇ ਆਗੂਆਂ ਨੂੰ 14 ਸਤੰਬਰ ਦੀ ਰੈਲੀ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ। ਉਹਨਾਂ ਦਾਅਵਾ ਕੀਤਾ ਕਿ ਇਲਾਕੇ ਵਿੱਚ ਬੀਜੇਪੀ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਵਰਤਮਾਨ 32 ਸਰਪੰਚਾਂ ਅਤੇ ਸਾਬਕਾ ਸਰਪੰਚਾਂ ਨੇ ਵੀ ਬੀਜੇਪੀ ਦਾ ਖੁੱਲਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਹੀ ਉਹਨਾਂ ਨੇ ਇੱਕ ਬੀਜੇਪੀ ਵੱਲੋਂ ਆਯੋਜਿਤ ਕੀਤੇ ਗਏ ਮਹਿਲਾ ਸੰਮੇਲਨ ਦੇ ਵਿੱਚ ਵੀ ਹਿੱਸਾ ਲਿਆ। ਇਸ ਮੌਕੇ ਉਹਨਾਂ ਮਹਿਲਾਵਾਂ ਨੂੰ ਵੀ ਬੀਜੇਪੀ ਨੂੰ ਵੋਟ ਪਾ ਕੇ ਜਿਤਾਉਣ ਦੀ ਬੇਨਤੀ ਕੀਤੀ ਹੈ। ਕਾਂਗਰਸ ਅਤੇ ਇਨੈਲੋ ਦੀਆਂ ਸਰਕਾਰਾਂ ਤੇ ਇਲਜ਼ਾਮ ਲਗਾਉਂਦਿਆਂ ਉਹਨਾਂ ਕਿਹਾ ਕਿ ਇਹਨਾਂ ਸਰਕਾਰਾਂ ਵੇਲੇ ਨੌਕਰੀਆਂ ਦੇ ਮੁੱਲ ਲਗਾਏ ਜਾਂਦੇ ਸਨ। ਪਰ ਬੀਜੇਪੀ ਦੀ ਸਰਕਾਰ ਦੇ ਵਿੱਚ ਬਿਨਾਂ ਕੋਈ ਪੈਸਾ ਲਏ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੂਰਦਰਸ਼ੀ ਸੋਚ ਵਾਲੀ ਪਾਰਟੀ ਹੈ ਅਤੇ ਦੇਸ਼ ਦੇ ਆਮ ਲੋਕਾਂ ਦੇ ਹਿੱਤ ਦੇ ਵਿੱਚ ਨੀਤੀਆਂ ਬਣਾਈਆਂ ਜਾ ਰਹੀਆਂ ਹਨ।