PM ਨਰਿੰਦਰ ਮੋਦੀ ਨੇ ਨੀਦਰਲੈਂਡ ਵਿੱਚ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ
– ਪ੍ਰਧਾਨ ਮੰਤਰੀ ਯਾਦ ਦਿਵਾਈ 16 ਮਈ, ਦੱਸਿਆ ਕਿਉਂ ਖਾਸ ਹੈ ਇਹ ਤਾਰੀਖ
– ਦੁਨੀਆ ਦੇ ਮੌਜੂਦਾ ਹਾਲਾਤ ‘ਤੇ ਵੀ ਜਤਾਈ ਚਿੰਤਾ
ਨਵੀ ਦਿੱਲੀ, 16 ਮਈ 2026 (ਵਿਸ਼ਵ ਵਾਰਤਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਦਰਲੈਂਡ ਦੇ ਦੌਰੇ ‘ਤੇ ਹਨ। ਆਪਣੇ ਸੰਬੋਧਨ ਵਿੱਚ, ਪੀਐਮ ਮੋਦੀ ਨੇ 16 ਮਈ ਦੀ ਤਾਰੀਖ ਨੂੰ ਖਾਸ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਦ ਹੇਗ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਦੁਨੀਆ ਦੇ ਮੌਜੂਦਾ ਹਾਲਾਤ ‘ਤੇ ਚਿੰਤਾ ਵੀ ਪ੍ਰਗਟਾਈ।
ਉਨ੍ਹਾਂ ਨੇ ਕਿਹਾ ਕਿ ਅੱਜ 16 ਮਈ ਹੈ, ਅਤੇ ਇਹ ਦਿਨ ਇੱਕ ਹੋਰ ਵਜ੍ਹਾ ਕਰਕੇ ਬਹੁਤ ਖ਼ਾਸ ਹੈ। ਅੱਜ ਤੋਂ 12 ਸਾਲ ਪਹਿਲਾਂ 16 ਮਈ 2014 ਨੂੰ ਕੁਝ ਖ਼ਾਸ ਹੋਇਆ ਸੀ। 2014 ਵਿੱਚ ਅੱਜ ਦੇ ਹੀ ਦਿਨ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਸਨ। ਦਹਾਕਿਆਂ ਬਾਅਦ ਭਾਰਤ ਵਿੱਚ ਸਥਿਰ ਅਤੇ ਪੂਰਨ ਬਹੁਮਤ ਵਾਲੀ ਸਰਕਾਰ ਦਾ ਬਣਨਾ ਤੈਅ ਹੋਇਆ ਸੀ। ਇੱਕ ਉਹ ਦਿਨ ਸੀ ਅਤੇ ਇੱਕ ਅੱਜ ਦਾ ਦਿਨ ਹੈ। ਕਰੋੜਾਂ ਭਾਰਤ ਵਾਸੀਆਂ ਦਾ ਭਰੋਸਾ ਮੈਨੂੰ ਨਾ ਰੁਕਣ ਦਿੰਦਾ ਹੈ ਅਤੇ ਨਾ ਹੀ ਥੱਕਣ ਦਿੰਦਾ ਹੈ।
ਨੀਦਰਲੈਂਡ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਤੁਸੀਂ ਨੀਦਰਲੈਂਡ ਦੇ ਸਮਾਜ ਅਤੇ ਇੱਥੋਂ ਦੀ ਇਕੋਨੋਮੀ ਵਿੱਚ ਜੋ ਯੋਗਦਾਨ ਪਾ ਰਹੇ ਹੋ, ਉਸ ‘ਤੇ ਹਰ ਭਾਰਤ ਵਾਸੀ ਨੂੰ ਮਾਣ ਹੈ। ਮੈਂ ਅੱਜ ਇਸ ਮੌਕੇ ‘ਤੇ ਨੀਦਰਲੈਂਡ ਦੀ ਜਨਤਾ ਅਤੇ ਸਰਕਾਰ ਦਾ ਧੰਨਵਾਦ ਪ੍ਰਗਟ ਕਰਦਾ ਹਾਂ। ਮੈਂ ਇੱਥੋਂ ਦੀ ਜਨਤਾ ਨੂੰ 140 ਕਰੋੜ ਭਾਰਤ ਵਾਸੀਆਂ ਵੱਲੋਂ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਇਸ ਤੋਂ ਇਲਾਵਾ ਮੌਜੂਦਾ ਹਾਲਾਤ ‘ਤੇ ਚਿੰਤਾ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਇਨਸਾਨੀਅਤ ਦੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ। ਇਹ ਦਹਾਕਾ ਆਫ਼ਤਾਂ ਦਾ ਦਹਾਕਾ ਬਣ ਗਿਆ ਹੈ। ਦੁਨੀਆ ਪਹਿਲਾਂ ਕੋਰੋਨਾ, ਫਿਰ ਜੰਗ ਅਤੇ ਹੁਣ ਊਰਜਾ ਸੰਕਟ ਨਾਲ ਜੂਝ ਰਹੀ ਹੈ। ਜੇਕਰ ਹਾਲਾਤ ਨਾ ਬਦਲੇ ਤਾਂ ਬੀਤੇ ਕਈ ਦਹਾਕਿਆਂ ਦੇ ਕੀਤੇ ਕਰਾਏ ਕੰਮ ‘ਤੇ ਪਾਣੀ ਫਿਰ ਜਾਵੇਗਾ ਅਤੇ ਦੁਨੀਆ ਦੀ ਇੱਕ ਬਹੁਤ ਵੱਡੀ ਆਬਾਦੀ ਗਰੀਬੀ ਦੇ ਦਲਦਲ ਵਿੱਚ ਫਸ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























