ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਨਾਰਵੇ ਦਾ ਸਰਵਉੱਚ ਨਾਗਰਿਕ ਸਨਮਾਨ
ਨਵੀ ਦਿੱਲੀ, 18 ਮਈ (ਵਿਸ਼ਵ ਵਾਰਤਾ): ਪੀ.ਐਮ. ਮੋਦੀ ਸਵੀਡਨ ਦਾ ਦੌਰਾ ਪੂਰਾ ਕਰਕੇ ਅੱਜ ਨਾਰਵੇ ਪੁੱਜੇ। ਉਨ੍ਹਾਂ ਦਾ ਜਹਾਜ਼ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਲੈਂਡ ਹੋਇਆ। ਨਾਰਵੇ ਦੇ ਪੀ.ਐਮ. ਏਅਰਪੋਰਟ ‘ਤੇ ਮੋਦੀ ਦਾ ਸਵਾਗਤ ਕਰਨ ਪਹੁੰਚੇ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਹੋਰ ਕੌਮਾਂਤਰੀ ਸਨਮਾਨ ਮਿਲਿਆ ਹੈ। ਨਾਰਵੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਰਵਉੱਚ ਸਨਮਾਨ ‘ਗ੍ਰੈਂਡ ਕਰਾਸ ਆਫ਼ ਦ ਰਾਇਲ ਨਾਰਵੇਜੀਅਨ ਆਰਡਰ ਆਫ਼ ਮੈਰਿਟ’ ਨਾਲ ਸਨਮਾਨਿਤ ਕੀਤਾ ਹੈ।
ਇਹ ਨਾਰਵੇ ਦਾ ਸਰਵਉੱਚ ਨਾਗਰਿਕ ਸਨਮਾਨ ਹੈ। ਇਸ ਤਰ੍ਹਾਂ ਪੀ.ਐਮ. ਮੋਦੀ ਨੂੰ ਮਿਲਣ ਵਾਲੇ ਕੁੱਲ ਅੰਤਰਰਾਸ਼ਟਰੀ ਸਨਮਾਨਾਂ ਦੀ ਗਿਣਤੀ ਹੁਣ ਵਧ ਕੇ 32 ਹੋ ਗਈ ਹੈ। ਗ੍ਰੈਂਡ ਕਰਾਸ ਨਾਰਵੇਜੀਅਨ ਰਾਇਲ ਆਰਡਰ ਆਫ਼ ਮੈਰਿਟ ਦੀ ਸਰਵਉੱਚ ਸ਼੍ਰੇਣੀ ਦੀ ਪ੍ਰਤੀਨਿਧਤਾ ਕਰਦਾ ਹੈ। ਇਹ ਬੇਮਿਸਾਲ ਸੇਵਾ ਅਤੇ ਦੁਵੱਲੇ ਸਬੰਧਾਂ ਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਪਾਏ ਯੋਗਦਾਨ ਦੇ ਸਨਮਾਨ ਵਜੋਂ ਦਿੱਤਾ ਜਾਂਦਾ ਹੈ।
ਦੱਸ ਦਈਏ ਕਿ ਇਹ ਮੋਦੀ ਦੀ ਨਾਰਵੇ ਦੀ ਪਹਿਲੀ ਯਾਤਰਾ ਹੈ। ਇਹ 43 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਸ ਦੇਸ਼ ਦੀ ਪਹਿਲੀ ਯਾਤਰਾ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਸਟੋਰ 19 ਮਈ ਨੂੰ ਓਸਲੋ ਵਿੱਚ ਆਯੋਜਿਤ ਹੋਣ ਵਾਲੇ ਤੀਜੇ ਨਾਰਡਿਕ-ਭਾਰਤੀ ਸਿਖਰ ਸੰਮੇਲਨ ਵਿੱਚ ਸਾਂਝੇ ਤੌਰ ‘ਤੇ ਹਿੱਸਾ ਲੈਣਗੇ, ਜਿਸ ਵਿੱਚ ਭਾਰਤ ਅਤੇ ਨਾਰਡਿਕ ਦੇਸ਼ ਡੈਨਮਾਰਕ, ਫਿਨਲੈਂਡ, ਆਈਸਲੈਂਡ, ਸਵੀਡਨ ਅਤੇ ਨਾਰਵੇ ਇੱਕਠੇ ਆਉਣਗੇ।























