ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
ਈਰਾਨ ਜੰਗ ਤੋਂ ਬਾਅਦ ਪਹਿਲੀ ਵਾਰ ਮਿਲੇ ਦੋਵੇ ਨੇਤਾ
ਨਵੀ ਦਿੱਲੀ, 31 ਅਗਸਤ 2026 (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਬਿਸ਼ਕੇਕ ਵਿੱਚ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕੀਅਨ ਨਾਲ ਮੁਲਾਕਾਤ ਕੀਤੀ। ਫਰਵਰੀ ਵਿੱਚ ਈਰਾਨ ਅਤੇ ਅਮਰੀਕਾ ਵਿਚਕਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਨੇਤਾਵਾਂ ਦੀ ਇਹ ਪਹਿਲੀ ਮੁਲਾਕਾਤ ਹੈ।
ਮੁਲਾਕਾਤ ਦੀ ਜਾਣਕਾਰੀ ਦਿੰਦਿਆਂ ਪੀਐੱਮ ਮੋਦੀ ਨੇ ਪਜ਼ੇਸ਼ਕੀਅਨ ਨਾਲ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਲਿਖਿਆ, ‘ਬਿਸ਼ਕੇਕ ਵਿੱਚ ਰਾਸ਼ਟਰਪਤੀ ਮਸੂਦ ਪਜ਼ੇਸ਼ਕੀਅਨ ਨਾਲ ਮੁਲਾਕਾਤ ਹੋਈ। ਇਸ ਦੌਰਾਨ ਈਰਾਨ ਨਾਲ ਭਾਰਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਨੂੰ ਵੱਖ-ਵੱਖ ਖੇਤਰਾਂ ਵਿੱਚ ਹੋਰ ਮਜ਼ਬੂਤ ਕਰਨ ਦੀ ਸਾਡੀ ਵਚਨਬੱਧਤਾ ਦੁਹਰਾਈ। ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੇ ਵਪਾਰਕ ਸਬੰਧਾਂ ਦਾ ਵਿਸਥਾਰ ਕਰਨ ਅਤੇ ਵਪਾਰ ਦੇ ਖੇਤਰ ਵਿੱਚ ਵਿਵਿਧਤਾ ਲਿਆਉਣ ਲਈ ਯਤਨਸ਼ੀਲ ਹਾਂ। ਖੇਤਰ ਵਿੱਚ ਮੌਜੂਦਾ ਸਥਿਤੀਆਂ ‘ਤੇ ਵੀ ਚਰਚਾ ਹੋਈ। ਭਾਰਤ ਸਥਾਈ ਅਮਨ-ਸ਼ਾਂਤੀ ਯਕੀਨੀ ਬਣਾਉਣ ਦੇ ਮਕਸਦ ਨਾਲ ਕੀਤੀਆਂ ਜਾਣ ਵਾਲੀਆਂ ਸਾਰੀਆਂ ਕੋਸ਼ਿਸ਼ਾਂ ਦਾ ਨਿਰੰਤਰ ਸਮਰਥਨ ਕਰਦਾ ਰਹੇਗਾ।’
ਇਸ ਤੋਂ ਪਹਿਲਾਂ, ਅੱਜ ਸਵੇਰੇ ਪੀਐੱਮ ਮੋਦੀ ਨੇ ਆਪਣੇ ਅਰਮੀਨੀਆਈ ਹਮਰੁਤਬਾ ਨਿਕੋਲ ਪਾਸ਼ਿਨਯਾਨ ਨਾਲ ਦੋ-ਪੱਖੀ ਬੈਠਕ ਕੀਤੀ ਸੀ। ਦੋਵਾਂ ਨੇਤਾਵਾਂ ਨੇ ਰੱਖਿਆ, ਆਰਥਿਕ, ਫਾਰਮਾ, ਵਿਗਿਆਨ ਅਤੇ ਤਕਨਾਲੋਜੀ, ਸੱਭਿਆਚਾਰ ਅਤੇ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਦੋ-ਪੱਖੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ।
ਉਨ੍ਹਾਂ ਨੇ ਪੱਛਮੀ ਏਸ਼ੀਆ ਦੀ ਸਥਿਤੀ ਸਮੇਤ ਖੇਤਰੀ ਅਤੇ ਗਲੋਬਲ ਘਟਨਾਕ੍ਰਮ ‘ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਪੀਐੱਮ ਮੋਦੀ ਨੇ ਦੁਹਰਾਇਆ ਕਿ ਭਾਰਤ ਦੋ-ਪੱਖੀ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਅਤੇ ਵਧਾਉਣ ਲਈ ਅਰਮੀਨੀਆ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹੈ।
ਦਰਅਸਲ, ਇਹ ਬੈਠਕ ਅਤੇ ਮੁਲਾਕਾਤ ਇਸ ਲਈ ਇੰਨੀ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਫਰਵਰੀ ਤੋਂ ਹੀ ਮਿਡਲ ਈਸਟ ਵਿੱਚ ਤਣਾਅ ਸਿਖ਼ਰ ‘ਤੇ ਹੈ। ਈਰਾਨ ਅਤੇ ਅਮਰੀਕਾ ਵਿਚਕਾਰ ਜੰਗ ਚੱਲ ਰਹੀ ਹੈ। ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਵੀ ਹੋਇਆ ਸੀ, ਪਰ ਬਾਅਦ ਵਿੱਚ ਉਹ ਟੁੱਟ ਵੀ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























