ਕਿਸਾਨਾਂ ਲਈ ਵੱਡੀ ਖ਼ਬਰ! ਇਸ ਦਿਨ ਜਾਰੀ ਹੋਵੇਗੀ PM-Kisan ਨਿਧੀ ਯੋਜਨਾ ਦੀ 23ਵੀਂ ਕਿਸ਼ਤ
ਨਵੀ ਦਿੱਲੀ, 18 ਜੂਨ 2026 (ਵਿਸ਼ਵ ਵਾਰਤਾ): ਦੇਸ਼ ਦੇ ਲੱਖਾਂ ਕਿਸਾਨਾਂ ਲਈ ਅਹਿਮ ਖ਼ਬਰ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM-Kisan) ਦੀ 23ਵੀਂ ਕਿਸ਼ਤ ਦਾ ਇੰਤਜ਼ਾਰ ਹੁਣ ਖ਼ਤਮ ਹੋਣ ਵਾਲਾ ਹੈ। ਸਰਕਾਰ ਜਲਦ ਹੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2000 ਰੁਪਏ ਭੇਜਣ ਵਾਲੀ ਹੈ।
ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਯੋਜਨਾ ਦੀ 23ਵੀਂ ਕਿਸ਼ਤ 20 ਜੂਨ, 2026 ਨੂੰ ਜਾਰੀ ਕੀਤੀ ਜਾਵੇਗੀ, ਜਿਸ ਦੇ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ 2000 ਰੁਪਏ ਦੀ ਕਿਸ਼ਤ ਭੇਜੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਜੂਨ, 2026 ਨੂੰ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਵਿੱਚ ਸਥਿਤ ਤਾਰਕੇਸ਼ਵਰ ਤੋਂ ਯੋਗ ਲਾਭਪਾਤਰੀਆਂ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਵੱਲੋਂ ਪੱਛਮੀ ਬੰਗਾਲ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ।
ਸਰਕਾਰ ਨੇ ਸਾਫ਼ ਕੀਤਾ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਅਜੇ ਤੱਕ e-KYC ਪੂਰੀ ਨਹੀਂ ਕਰਵਾਈ ਹੈ, ਉਨ੍ਹਾਂ ਦਾ ਨਾਮ ਲਾਭਪਾਤਰੀਆਂ ਦੀ ਨਵੀਂ ਸੂਚੀ ਵਿੱਚੋਂ ਹਟਾਇਆ ਜਾ ਸਕਦਾ ਹੈ ਜਾਂ ਉਨ੍ਹਾਂ ਦੀ ਕਿਸ਼ਤ ਅਟਕ ਸਕਦੀ ਹੈ। ਡਿਜੀਟਲ ਧੋਖਾਧੜੀ ਅਤੇ ਗ਼ਲਤ ਤਰੀਕੇ ਨਾਲ ਯੋਜਨਾ ਦਾ ਫ਼ਾਇਦਾ ਲੈਣ ਵਾਲਿਆਂ ਨੂੰ ਰੋਕਣ ਲਈ ਇਸ ਨਿਯਮ ਨੂੰ ਬੇਹੱਦ ਜ਼ਰੂਰੀ ਮੰਨਿਆ ਜਾ ਰਿਹਾ ਹੈ। ਇਸ ਲਈ ਕਿਸਾਨ ਜਲਦ ਤੋਂ ਜਲਦ ਆਪਣੇ ਖਾਤੇ ਦੀ e-KYC ਪ੍ਰਕਿਰਿਆ ਪੂਰੀ ਕਰ ਲੈਣ। ਇਸ ਤੋਂ ਇਲਾਵਾ ਸਰਕਾਰ ਨੇ ਫ਼ਰਜ਼ੀ ਤਰੀਕੇ ਨਾਲ ਕਿਸ਼ਤ ਲੈਣ ਵਾਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਇੱਕ ਵਿਸ਼ੇਸ਼ ਆਡਿਟ ਚਲਾਇਆ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























