ਦੇਸ਼ ‘ਚ ਜਲਦ ਚੱਲਣਗੇ 10 ਅਤੇ 20 ਰੁਪਏ ਦੇ ਪਲਾਸਟਿਕ ਦੇ ਨੋਟ; ਪੜ੍ਹੋ ਵੱਡੀ ਅਪਡੇਟ
ਨਵੀ ਦਿੱਲੀ, 27 ਜੁਲਾਈ (ਵਿਸ਼ਵ ਵਾਰਤਾ): ਦੇਸ਼ ‘ਚ ਜਲਦ ਹੀ ਲੋਕਾਂ ਨੂੰ ₹10 ਅਤੇ ₹20 ਦੇ ਨਵੇਂ ਪੌਲੀਮਰ ਯਾਨੀ ਪਲਾਸਟਿਕ ਦੇ ਨੋਟ ਦੇਖਣ ਨੂੰ ਮਿਲ ਸਕਦੇ ਹਨ। ਰਿਜ਼ਰਵ ਬੈਂਕ 100-100 ਕਰੋੜ ਯਾਨੀ ਕੁੱਲ 200 ਕਰੋੜ ਪੌਲੀਮਰ ਯਾਨੀ ਪਲਾਸਟਿਕ ਦੇ ਬਣੇ ਨੋਟ ਛਾਪੇਗਾ। ਇਹ ਪਲਾਸਟਿਕ ਕਰੰਸੀ ਦਾ ਟ੍ਰਾਇਲ ਹੋਵੇਗਾ, ਜੇਕਰ ਇਹ ਸਫ਼ਲ ਹੁੰਦਾ ਹੈ ਤਾਂ ਅੱਗੇ ਹੋਰ ਨੋਟ ਵੀ ਛਾਪੇ ਜਾਣਗੇ।ਕੇਂਦਰ ਸਰਕਾਰ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ।
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸੋਮਵਾਰ ਨੂੰ ਸੰਸਦ ਵਿੱਚ ਦੱਸਿਆ ਕਿ ਜੇਕਰ ਫੀਲਡ ਟ੍ਰਾਇਲ ਸਫ਼ਲ ਰਹਿੰਦਾ ਹੈ, ਤਾਂ ਭਾਰਤੀ ਰਿਜ਼ਰਵ ਬੈਂਕ 10 ਅਤੇ 20 ਰੁਪਏ ਦੇ ਪੌਲੀਮਰ ਨੋਟ ਨਿਯਮਤ ਰੂਪ ਵਿੱਚ ਜਾਰੀ ਕਰੇਗਾ। ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਪੰਕਜ ਚੌਧਰੀ ਨੇ ਕਿਹਾ ਕਿ RBI ਦੇ ਕੇਂਦਰੀ ਡਾਇਰੈਕਟਰ ਬੋਰਡ ਦੀ ਸਿਫ਼ਾਰਸ਼ ‘ਤੇ ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੀ ਧਾਰਾ 25 ਦੇ ਤਹਿਤ ਸਰਕਾਰ ਨੂੰ ਇੱਕ ਪ੍ਰਸਤਾਵ ਭੇਜਿਆ ਗਿਆ ਸੀ।
ਇਸ ਪ੍ਰਸਤਾਵ ਵਿੱਚ ₹10 ਅਤੇ ₹20 ਦੇ 100-100 ਕਰੋੜ ਪੌਲੀਮਰ ਨੋਟ ਫੀਲਡ ਟ੍ਰਾਇਲ ਲਈ ਜਾਰੀ ਕਰਨ ਦੀ ਮਨਜ਼ੂਰੀ ਮੰਗੀ ਗਈ ਸੀ। ਨਾਲ ਹੀ ਇਹ ਵੀ ਪ੍ਰਸਤਾਵ ਰੱਖਿਆ ਗਿਆ ਸੀ ਕਿ ਜੇਕਰ ਫੀਲਡ ਟ੍ਰਾਇਲ ਸਫ਼ਲ ਰਹਿੰਦਾ ਹੈ, ਤਾਂ ਇਹਨਾਂ ਦੋਵਾਂ ਮੁੱਲਾਂ ਦੇ ਪੌਲੀਮਰ ਨੋਟਾਂ ਨੂੰ ਨਿਯਮਤ ਰੂਪ ਵਿੱਚ ਚਲਣ ਵਿੱਚ ਲਿਆਂਦਾ ਜਾਵੇ। ਪੰਕਜ ਚੌਧਰੀ ਨੇ ਦੱਸਿਆ ਕਿ ਸਰਕਾਰ ਨੇ RBI ਦੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























