Piyush Pandey dies : ‘ਅਬਕੀ ਬਾਰ ਮੋਦੀ ਸਰਕਾਰ’ ਲਿਖਣ ਵਾਲੇ ਪਦਮਸ਼੍ਰੀ ਪਿਊਸ਼ ਪਾਂਡੇ ਦਾ ਦਿਹਾਂਤ
– ਪੀਐਮ ਮੋਦੀ ਨੇ ਜਤਾਇਆ ਡੂੰਘਾ ਦੁੱਖ; ਪੜੋ ਕੀ ਕਿਹਾ
ਨਵੀ ਦਿੱਲੀ, 24 ਅਕਤੂਬਰ 2025 (ਵਿਸ਼ਵ ਵਾਰਤਾ): ਐਡ ਗੁਰੂ ਪਦਮਸ਼੍ਰੀ ਪਿਊਸ਼ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 70 ਸਾਲ ਦੀ ਉਮਰ ਵਿੱਚ ਬੀਤੇ ਦਿਨ ਮੁੰਬਈ ਵਿੱਚ ਆਖਰੀ ਸਾਹ ਲਏ। ਉਹ “ਅਬਕੀ ਬਾਰ ਮੋਦੀ ਸਰਕਾਰ” ਨਾਅਰੇ ਅਤੇ “ਮਿਲੇ ਸੁਰ ਮੇਰਾ ਤੁਮਹਾਰਾ” ਗੀਤ ਦੇ ਲੇਖਕ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮੁੰਬਈ ‘ਚ ਕੀਤਾ ਜਾਵੇਗਾ।
ਪਿਊਸ਼ ਪਾਂਡੇ ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਐਕਸ ‘ਤੇ ਲਿਖਿਆ, “ਪਿਊਸ਼ ਪਾਂਡੇ ਆਪਣੀ ਰਚਨਾਤਮਕਤਾ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਇਸ਼ਤਿਹਾਰਬਾਜ਼ੀ ਦੀ ਦੁਨੀਆ ਵਿੱਚ ਸ਼ਾਨਦਾਰ ਯੋਗਦਾਨ ਪਾਇਆ। ਮੈਂ ਉਨ੍ਹਾਂ ਨਾਲ ਹੋਈਆਂ ਗੱਲਾਂਬਾਤਾਂ ਨੂੰ ਸਾਲਾਂ ਤਕ ਯਾਦ ਰੱਖਾਂਗਾ। ਉਨ੍ਹਾਂ ਦੇ ਦੇਹਾਂਤ ‘ਤੇ ਮੈਨੂੰ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀਆਂ ਸੰਵੇਦਨਾਵਾਂ।”
ਪੀਯੂਸ਼ ਗੋਇਲ ਨੇ ਐਕਸ ‘ਤੇ ਪੋਸਟ ਕੀਤਾ ਤੇ ਕਿਹਾ ਕਿ “ਪਦਮਸ਼੍ਰੀ ਪੀਯੂਸ਼ ਪਾਂਡੇ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਮੈਂ ਆਪਣੇ ਦੁੱਖ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਇਸ਼ਤਿਹਾਰਬਾਜ਼ੀ ਦੀ ਦੁਨੀਆ ਵਿੱਚ ਇੱਕ ਵਿਲੱਖਣ ਸ਼ਖਸੀਅਤ, ਉਨ੍ਹਾਂ ਦੀ ਰਚਨਾਤਮਕ ਪ੍ਰਤਿਭਾ ਨੇ ਕਹਾਣੀ ਕਹਿਣ ਦੇ ਤਰੀਕੇ ਨੂੰ ਹੀ ਬਦਲ ਦਿੱਤਾ। ਮੇਰੇ ਲਈ, ਉਹ ਇੱਕ ਅਜਿਹਾ ਦੋਸਤ ਸੀ ਜਿਸਦੀ ਇਮਾਨਦਾਰੀ, ਨਿੱਘ ਅਤੇ ਹਾਜ਼ਰਜਵਾਬੀ ਉਸਦੀ ਪ੍ਰਤਿਭਾ ‘ਚੋ ਝਲਕਦੇ ਸਨ। ਸਾਡੀਆਂ ਗੱਲਬਾਤਾਂ ਹਮੇਸ਼ਾ ਯਾਦਗਾਰ ਰਹਿਣਗੀਆਂ। ਉਸਦੇ ਜਾਣ ਨਾਲ ਇੱਕ ਵੱਡਾ ਖਾਲੀਪਣ ਪੈਦਾ ਹੋ ਗਿਆ ਹੈ ਜਿਸਨੂੰ ਭਰਨਾ ਮੁਸ਼ਕਲ ਹੋਵੇਗਾ।”
ਦੱਸ ਦਈਏ ਕਿ ਚਾਰ ਦਹਾਕਿਆਂ ਤੋਂ ਵੱਧ ਸਮੇਂ ਦੇ ਆਪਣੇ ਕਰੀਅਰ ਵਿੱਚ ਉਨ੍ਹਾਂ ਨੇ ਅਜਿਹੇ ਇਸ਼ਤਿਹਾਰ ਬਣਾਏ ਜੋ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜ ਗਏ। ਏਸ਼ੀਅਨ ਪੇਂਟਸ ਦਾ “ਹਰ ਖੁਸ਼ੀ ਮੇ ਰੰਗ ਲਾਏ”, ਕੈਡਬਰੀ ਦਾ “ਕੁਛ ਖਾਸ ਹੈ”, ਫੇਵੀਕੋਲ ਦਾ ਇਸ਼ਤਿਹਾਰ ਅਤੇ ਹਚ ਦਾ ਪੱਗ ਇਸ਼ਤਿਹਾਰ ਅਜੇ ਵੀ ਲੋਕਾਂ ਦੇ ਮਨਾਂ ਵਿੱਚ ਉੱਕਰਿਆ ਹੋਇਆ ਹੈ।
ਇਸ ਤੋਂ ਇਲਾਵਾ 2014 ਵਿੱਚ, ਭਾਜਪਾ ਦਾ ਨਾਅਰਾ ‘ਅਬਕੀ ਬਾਰ ਮੋਦੀ ਸਰਕਾਰ’ ਵੀ ਪਿਊਸ਼ ਪਾਂਡੇ ਨੇ ਬਣਾਇਆ ਸੀ, ਜੋ ਅੱਜ ਹਰ ਘਰ ਵਿੱਚ ਮਸ਼ਹੂਰ ਹੈ। ਪਲਸ ਪੋਲੀਓ ਦੀ ‘ਦੋ ਬੂੰਦ ਜ਼ਿੰਦਗੀ ਕੇ’ ਇਸ਼ਤਿਹਾਰ ਵੀ ਪਿਊਸ਼ ਪਾਂਡੇ ਨੇ ਬਣਾਇਆ ਸੀ, ਜੋ ਅਜੇ ਵੀ ਲੋਕਾਂ ਦੀ ਜੁਬਾਨ ‘ਤੇ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























