PhonePe ਨੇ ਸ਼ੁਰੂ ਕੀਤੀ ਨਵੀ ਸਰਵਿਸ: ਬਿਨਾਂ ਇੰਟਰਨੈੱਟ ਦੇ ਵੀ ਹੋਵੇਗੀ UPI ਪੇਮੈਂਟ
ਚੰਡੀਗੜ੍ਹ, 31 ਅਗਸਤ 2026 (ਵਿਸ਼ਵ ਵਾਰਤਾ): ਫਿਨਟੈੱਕ ਕੰਪਨੀ ਫੋਨਪੇਅ ਨੇ ਅੱਜ ਤੋਂ ਫੀਚਰ ਫੋਨ ਵਰਤਣ ਵਾਲੇ ਯੂਜ਼ਰਸ ਲਈ ਇੱਕ ਨਵੀਂ ਪੇਮੈਂਟ ਸਰਵਿਸ ਸ਼ੁਰੂ ਕੀਤੀ ਹੈ। ਕੰਪਨੀ ਨੇ ‘ਫੋਨਪੇਅ UPI 123ਪੇ’ ਫੀਚਰ ਲਾਂਚ ਕੀਤਾ ਹੈ, ਜਿਸ ਨਾਲ ਬਿਨਾਂ ਇੰਟਰਨੈੱਟ ਕਨੈਕਸ਼ਨ ਦੇ ਯੂਪੀਆਈ ਟ੍ਰਾਂਜ਼ੈਕਸ਼ਨ ਕੀਤਾ ਜਾ ਸਕੇਗਾ। ਨਾਲ ਹੀ 12 ਭਾਸ਼ਾਵਾਂ ਵਿੱਚ ਏਆਈ ਵਾਇਸ ਅਸਿਸਟੈਂਸ ਤੋਂ ਮਦਦ ਵੀ ਮਿਲੇਗੀ।
ਇਸ ਦੇ ਨਾਲ ਹੀ ਫੋਨਪੇਅ ਦੇਸ਼ ਦਾ ਪਹਿਲਾ ਅਜਿਹਾ ਵੱਡਾ ਥਰਡ-ਪਾਰਟੀ ਐਪਲੀਕੇਸ਼ਨ ਪ੍ਰੋਵਾਈਡਰ ਬਣ ਗਿਆ ਹੈ, ਜਿਸ ਨੇ ਫੀਚਰ ਫੋਨ ਯੂਜ਼ਰਸ ਲਈ ਇਹ ਡਿਜੀਟਲ ਪੇਮੈਂਟ ਸਰਵਿਸ ਸ਼ੁਰੂ ਕੀਤੀ ਹੈ।ਇਸ ਦਾ ਫ਼ਾਇਦਾ ਦੇਸ਼ ਵਿੱਚ ਫੀਚਰ ਫੋਨ ਵਰਤ ਰਹੇ 20 ਕਰੋੜ ਤੋਂ ਵੱਧ ਯੂਜ਼ਰਸ ਨੂੰ ਮਿਲੇਗਾ। ਫੋਨਪੇਅ ਦੇ ਅਨੁਸਾਰ, ਇਹ ਸੇਵਾ ਉਸ ਦੀ ਮਲਕੀਅਤ ਵਾਲੀ ਤਕਨਾਲੋਜੀ ‘ਤੇ ਆਧਾਰਿਤ ਹੈ ਅਤੇ ਲੈਣ-ਦੇਣ ਨੂੰ ਸੀਮਤ 2ਜੀ ਕਨੈਕਟੀਵਿਟੀ ਵਾਲੇ ਖੇਤਰਾਂ ਵਿੱਚ ਵੀ ਭਰੋਸੇਮੰਦ ਬਣਾਉਣ ਲਈ ਐੱਸਐੱਮਐੱਸ ਆਧਾਰਿਤ ਢਾਂਚੇ ਦੀ ਵਰਤੋਂ ਕਰਦੀ ਹੈ।
ਕੰਪਨੀ ਨੇ ਇਸ ਸੇਵਾ ਨੂੰ ਆਪਣੇ ਉਪਕਰਨਾਂ ਵਿੱਚ ਪਹਿਲਾਂ ਤੋਂ ਉਪਲਬਧ ਕਰਵਾਉਣ ਲਈ ਨੋਕੀਆ, ਐੱਚਐੱਮਡੀ, ਲਾਵਾ ਇੰਟਰਨੈਸ਼ਨਲ ਅਤੇ ਆਈਟੈੱਲ ਮੋਬਾਈਲ ਵਰਗੇ ਮੋਬਾਈਲ ਫੋਨ ਨਿਰਮਾਤਿਆਂ ਨਾਲ ਸਾਂਝੇਦਾਰੀ ਕੀਤੀ ਹੈ।
ਫੋਨਪੇਅ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਮੀਰ ਨਿਗਮ ਨੇ ਕਿਹਾ, “ਫੋਨਪੇਅ ਯੂਪੀਆਈ 123ਪੇ ਰਾਹੀਂ ਫੀਚਰ ਫੋਨ ‘ਤੇ ਯੂਪੀਆਈ ਲਿਆਉਣ ਨਾਲ ਡਿਜੀਟਲ ਭੁਗਤਾਨ ਦਾ ਲਾਭ ਦੇਸ਼ ਦੇ ਹਰ ਕੋਨੇ ਤੱਕ ਪਹੁੰਚੇਗਾ।” ਉਨ੍ਹਾਂ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਅਗਲੇ 30 ਕਰੋੜ ਵਰਤੋਂਕਾਰਾਂ ਨੂੰ ਡਿਜੀਟਲ ਭੁਗਤਾਨ ਦੇ ਘੇਰੇ ਵਿੱਚ ਲਿਆਉਣਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























