ਫ਼ਿਲੌਰ: ਮੇਲੇ ‘ਚ ਅਚਾਨਕ ਟੁੱਟ ਕੇ ਡਿੱਗਿਆ ਵੱਡਾ ਝੂਲਾ, ਲਗਭਗ 30 ਲੋਕ ਸਨ ਸਵਾਰ
– ਕਈ ਗੰਭੀਰ ਜ਼ਖ਼ਮੀ
ਜਲੰਧਰ, 20 ਜੂਨ 2026 (ਵਿਸ਼ਵ ਵਾਰਤਾ): ਫ਼ਿਲੌਰ ਵਿੱਚ ਡੇਰਾ ਬਾਬਾ ਬ੍ਰਹਮਦਾਸ ਮੇਲੇ ਦੌਰਾਨ ਇੱਕ ਹਾਦਸਾ ਵਾਪਰ ਗਿਆ। ਮੇਲੇ ਵਿੱਚ ਲੱਗੇ ਇੱਕ ਝੂਲੇ ਦੇ ਨਟ-ਬੋਲਟ ਅਚਾਨਕ ਟੁੱਟਣ ਕਾਰਨ ਝੂਲਾ ਵਿਚਕਾਰੋਂ ਹੀ ਟੁੱਟ ਕੇ ਹੇਠਾਂ ਡਿੱਗ ਪਿਆ। ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਸ ਸਮੇਂ ਝੂਲੇ ਵਿੱਚ ਕਰੀਬ 30 ਲੋਕ ਬੈਠੇ ਹੋਏ ਸਨ।
ਇਸ ਹਾਦਸੇ ‘ਚ 4 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਤੁਰੰਤ ਫ਼ਿਲੌਰ ਦੇ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਦੇ ਸਮੇਂ ਕੁਝ ਲੋਕ ਝੂਲੇ ਦੇ ਹੇਠਾਂ ਆਸ-ਪਾਸ ਖੜ੍ਹੇ ਸਨ। ਝੂਲਾ ਡਿੱਗਣ ਕਾਰਨ ਝੂਲੇ ਵਿੱਚ ਸਵਾਰ ਲੋਕਾਂ ਦੇ ਨਾਲ-ਨਾਲ ਹੇਠਾਂ ਖੜ੍ਹੇ ਲੋਕ ਵੀ ਇਸ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਫ਼ਿਲੌਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਫਿਲਹਾਲ ਡਾਕਟਰਾਂ ਦੀ ਦੇਖਭਾਲ ਹੇਠ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।
ਘਟਨਾ ਤੋਂ ਬਾਅਦ ਝੂਲਾ ਮਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਮਾਲਕ ਕਿੱਥੇ ਗਿਆ ਹੈ, ਇਸ ਦੀ ਭਾਲ ਕੀਤੀ ਜਾ ਰਹੀ ਹੈ। ਅਜੇ ਝੂਲੇ ‘ਤੇ ਕੰਮ ਕਰਨ ਵਾਲੇ ਵਰਕਰਾਂ ਕੋਲੋਂ ਪੁੱਛਗਿੱਛ ਚੱਲ ਰਹੀ ਹੈ, ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਇਸ ਮਾਮਲੇ ਵਿੱਚ ਜੋ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਬਣਦੀ ਹੋਵੇਗੀ, ਝੂਲੇ ਦੇ ਮਾਲਕ ਖ਼ਿਲਾਫ਼ ਉਹ ਕਾਰਵਾਈ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























