ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!
– ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22 ਸਨਮਾਨਜਨਕ ਧਾਰਮਿਕ ਸ਼ਬਦਾਂ ਦੀ ਸੂਚੀ ਕੀਤੀ ਜਾਰੀ
ਚੰਡੀਗੜ੍ਹ, 27 ਸੂਚੀ 2026 (ਵਿਸ਼ਵ ਵਾਰਤਾ) : ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22 ਸਨਮਾਨਜਨਕ ਧਾਰਮਿਕ ਸ਼ਬਦਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ, ਰੇਂਜ ਅਧਿਕਾਰੀਆਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਨਿਰਦੇਸ਼ ਵੀ ਜਾਰੀ ਕੀਤੇ ਹਨ।
ਪੀਬੀਆਈ ਦੇ ਡਾਇਰੈਕਟਰ ਐੱਲਕੇ ਯਾਦਵ ਵੱਲੋਂ ਜਾਰੀ ਕੀਤੇ ਸਰਕੁਲਰ ਵਿਚ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਜਾਣਾ ਚਾਹੀਦਾ, ਜਿਸ ਨਾਲ ਪਵਿੱਤਰ ਸਮੱਗਰੀ ਦੀ ਦੁਬਾਰਾ ਬੇਅਦਬੀ ਹੋਣ ਦਾ ਖ਼ਤਰਾ ਪੈਦਾ ਹੋਵੇ।
ਪੀਬੀਆਈ ਵੱਲੋਂ ਜਾਰੀ ਕੀਤੀ ਸੂਚੀ ਵਿਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪਾਵਨ ਸਰੂਪ, ਪਾਵਨ ਅੰਗ, ਰੁਮਾਲਾ ਸਾਹਿਬ, ਚੌਰ ਸਾਹਿਬ, ਪਾਲਕੀ ਸਾਹਿਬ, ਪੀੜ੍ਹਾ ਸਾਹਿਬ, ਚੰਦੋਆ ਸਾਹਿਬ, ਸੈਂਚੀ ਸਾਹਿਬ, ਗੁਟਕਾ ਸਾਹਿਬ, ਨਿਤਨੇਮ, ਪ੍ਰਕਾਸ਼ ਸਥਾਨ ਸੁੱਖ ਆਸਨ, ਥੜ੍ਹਾ ਸਾਹਿਬ, ਗ੍ਰੰਥੀ ਸਿੰਘ, ਸੇਵਕ/ਸੇਵਾਦਾਰ, ਬਿਰਧ ਅਵਸਥਾ, ਚਾਲੇ ਪਾਉਣਾ, ਪਹੁੰਚ ਕਰਮਾ ਅਤੇ ਅਨੰਦ ਕਾਰਜ ਵਰਗੇ ਸ਼ਬਦ ਸ਼ਾਮਲ ਹਨ। ਇਹ ਸ਼ਬਦ ਅੰਗਰੇਜ਼ੀ ਦਸਤਾਵੇਜ਼ਾਂ ਵਿਚ ਵੀ ਠੀਕ ਉਸੇ ਤਰ੍ਹਾਂ ਲਿਖੇ ਜਾਣਗੇ ਜਿਵੇਂ ਪੰਜਾਬੀ ਵਿਚ ਉਚਾਰੇ ਜਾਂਦੇ ਹਨ, ਤਾਂ ਜੋ ਮੂਲ ਧਾਰਮਿਕ ਸੰਦਰਭ ਅਤੇ ਸਤਿਕਾਰ ਬਣਿਆ ਰਹੇ।
ਪੀਬੀਆਈ ਵੱਲੋਂ ਜਾਰੀ ਕੀਤੇ ਇਸ ਸਰਕੁਲਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬੇਅਦਬੀ ਵਰਗੇ ਬਹੂਤ ਸੰਵੇਦਨਸ਼ੀਲ ਮਾਮਲਿਆਂ ਵਿਚ ਪੁਲਿਸ ਵੱਲੋਂ ਵਰਤੀ ਜਾਣ ਵਾਲੀ ਭਾਸ਼ਾ ਨਾਲ ਕਿਸੇ ਵੀ ਰੂਪ ਵਿਚ ਧਾਰਮਿਕ ਲਫਜ਼ ਉਸੇ ਤਰ੍ਹਾਂ ਲਿਖੇ ਜਾਣਗੇ ਜਿਵੇਂ ਉਚਾਰੇ ਜਾਂਦੇ ਨੇ ਧਾਰਮਿਕ ਭਾਵਨਾਵਾਂ ਨੂੰ ਕੋਈ ਠੇਸ ਨਹੀਂ ਪਹੁੰਚਣੀ ਚਾਹੀਦੀ। ਸਰਕੂਲਰ ਮੁਤਾਬਕ ਬੇਅਦਬੀ ਮਾਮਲਿਆਂ ਦੀ ਜਾਂਚ ਦੌਰਾਨ ਪੁਲਿਸ ਨੂੰ ਧਾਰਮਿਕ ਸੰਸਥਾਵਾਂ ਨਾਲ ਸਹਿਯੋਗ ਕਰ ਕੇ ਕੰਮ ਕਰਨਾ ਪਵੇਗਾ। ਜੇਕਰ ਘਟਨਾ ਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਉਸ ਦੇ ਕਿਸੇ ਅੰਗ ਦੀ ਬਰਾਮਦਗੀ ਹੁੰਦੀ ਹੈ, ਤਾਂ ਪੁਲਿਸ ਸਬੰਧਤ ਧਾਰਮਿਕ ਅਹੁਦੇਦਾਰਾਂ, ਖ਼ਾਸਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਨੁਮਾਇੰਦਿਆਂ ਨਾਲ ਮਿਲ ਕੇ ਕਾਰਵਾਈ ਕਰੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























