Parliament session : ਰਾਜਾ ਵੜਿੰਗ , ਗੁਰਜੀਤ ਸਿੰਘ ਔਜਲਾ ਸਣੇ ਅੱਠ ਸੰਸਦ ਮੈਂਬਰਾਂ ਦੀ Suspension ਰੱਦ
ਨਵੀ ਦਿੱਲੀ, 17 ਮਾਰਚ 2026 (ਵਿਸ਼ਵ ਵਾਰਤਾ) : ਲੋਕ ਸਭਾ ਵਿੱਚ ਅੱਜ ਪਹਿਲੇ ਪੜਾਅ ਦੌਰਾਨ ਮੁਅੱਤਲ ਕੀਤੇ ਗਏ 8 ਸੰਸਦ ਮੈਂਬਰਾਂ ਤੋਂ ਮੁਅੱਤਲੀ ਹਟਾ ਦਿੱਤੀ ਗਈ ਹੈ। ਇਨ੍ਹਾਂ ਵਿੱਚ ਕਾਂਗਰਸ ਦੇ 7 ਅਤੇ ਲੈਫਟ (ਖੱਬੇ ਪੱਖੀ) ਦਾ 1 ਸੰਸਦ ਮੈਂਬਰ ਸ਼ਾਮਲ ਸੀ। ਇਹ ਅੱਠੇ ਸੰਸਦ ਮੈਂਬਰ 4 ਫਰਵਰੀ ਨੂੰ ਪੂਰੇ ਬਜਟ ਸੈਸ਼ਨ ਲਈ ਲੋਕ ਸਭਾ ਵਿੱਚੋਂ ਮੁਅੱਤਲ ਕੀਤੇ ਗਏ ਸਨ।
ਇਨ੍ਹਾਂ ‘ਚ ਕਿਰਨ ਰੈਡੀ, ਅਮਰਿੰਦਰ ਸਿੰਘ ਰਾਜਾ ਵੜਿੰਗ , ਮਾਨਿਕਮ ਟੈਗੋਰ, ਗੁਰਜੀਤ ਸਿੰਘ ਔਜਲਾ, ਹਿਬੀ ਈਡਨ, ਵੈਂਕਟ ਰਮਨ, ਪ੍ਰਸ਼ਾਂਤ ਪਡੋਲੇ ਸ਼ਾਮਿਲ ਸਨ। ਉਨ੍ਹਾਂ ‘ਤੇ ਹੰਗਾਮੇ ਦੌਰਾਨ ਸਪੀਕਰ ਦੀ ਕੁਰਸੀ ਵੱਲ ਕਾਗਜ਼ ਸੁੱਟਣ ਦਾ ਦੋਸ਼ ਲੱਗਾ ਸੀ। ਇਹ ਹੰਗਾਮਾ ਉਸ ਸਮੇਂ ਹੋਇਆ ਸੀ ਜਦੋਂ ਰਾਹੁਲ ਗਾਂਧੀ ਸਦਨ ਵਿੱਚ ਪੂਰਬੀ ਲੱਦਾਖ ਵਿੱਚ 2020 ਦੇ ਭਾਰਤ-ਚੀਨ ਸਰਹੱਦੀ ਤਣਾਅ ਦਾ ਜ਼ਿਕਰ ਕਰ ਰਹੇ ਸਨ।
ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਵੱਲੋਂ ਅੱਜ ਮਤਾ ਪੇਸ਼ ਕੀਤੇ ਜਾਣ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਲੋਕ ਸਭਾ ਮੈਂਬਰਾਂ ਤੋਂ ਵੋਟਿੰਗ ਕਰਵਾਈ। ਮੁਅੱਤਲੀ ਰੱਦ ਕਰਨ ਬਾਰੇ ਸਹਿਮਤੀ ਬਣਨ ‘ਤੇ ਉਨ੍ਹਾਂ ਨੇ ਅੱਠਾਂ ਸੰਸਦ ਮੈਂਬਰਾਂ ਦੇ ਨਾਮ ਲੈਂਦਿਆਂ ਕਿਹਾ ਕਿ ਸਾਰੇ ਮੈਂਬਰਾਂ ਦੀ ਮੁਅੱਤਲੀ ਤੁਰੰਤ ਪ੍ਰਭਾਵ ਨਾਲ ਰੱਦ ਕੀਤੀ ਜਾ ਰਹੀ ਹੈ। ਹੁਣ ਇਹ ਸਾਰੇ ਸੰਸਦ ਮੈਂਬਰ ਸੰਸਦ ਦੇ ਬਜਟ ਸੈਸ਼ਨ ਵਿੱਚ ਹਿੱਸਾ ਲੈ ਸਕਣਗੇ।
ਇਸ ਫੈਸਲੇ ਦੌਰਾਨ ਸਪੀਕਰ ਓਮ ਬਿਰਲਾ ਨੇ ਸੰਸਦ ਮੈਂਬਰਾਂ ਨੂੰ ਅਨੁਸ਼ਾਸਨ ਦਾ ਪਾਠ ਵੀ ਪੜ੍ਹਾਇਆ। ਉਨ੍ਹਾਂ ਕਿਹਾ ਕਿ ਸਦਨ ਦੇ ਅੰਦਰ ਤਖ਼ਤੀਆਂ, ਬੈਨਰਾਂ ਅਤੇ ਏ.ਆਈ. (AI) ਦੁਆਰਾ ਤਿਆਰ ਕੀਤੀਆਂ ਤਸਵੀਰਾਂ ਦੀ ਵਰਤੋਂ ਕਰਨ ਦੀ ਸਖ਼ਤ ਮਨਾਹੀ ਹੈ। ਸਾਰੇ ਸੰਸਦ ਮੈਂਬਰਾਂ ਨੂੰ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























