Parliament Session : ਰਾਘਵ ਚੱਢਾ ਨੇ ਸੈਸ਼ਨ ‘ਚ ਚੁੱਕੇ ਜਾਣ ਵਾਲੇ ਮੁੱਦਿਆਂ ਬਾਰੇ ਲੋਕਾਂ ਤੋਂ ਮੰਗੇ ਸੁਝਾਅ
21 ਜੁਲਾਈ ਤੋਂ ਸ਼ੁਰੂ ਹੋ ਰਿਹਾ ਮਾਨਸੂਨ ਸੈਸ਼ਨ

ਨਵੀ ਦਿੱਲੀ, 16 ਜੁਲਾਈ (ਵਿਸ਼ਵ ਵਾਰਤਾ): ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਅਤੇ 21 ਅਗਸਤ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ 21 ਮੀਟਿੰਗਾਂ ਹੋਣਗੀਆਂ। 13 ਅਗਸਤ ਤੋਂ 17 ਅਗਸਤ ਤੱਕ ਸੰਸਦ ਦੇ ਦੋਵਾਂ ਸਦਨਾਂ ਦੀ ਕੋਈ ਮੀਟਿੰਗ ਨਹੀਂ ਹੋਵੇਗੀ। ਸਰਕਾਰ ਇਸ ਸੈਸ਼ਨ ਵਿੱਚ ਅੱਠ ਨਵੇਂ ਬਿੱਲ ਪੇਸ਼ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਸੈਸ਼ਨ ਵਿੱਚ ਆਮਦਨ ਕਰ ਬਿੱਲ ਨੂੰ ਪਾਸ ਕੀਤੇ ਜਾਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਜਨਤਾ ਤੋਂ ਸੈਸ਼ਨ ਵਿੱਚ ਚੁੱਕੇ ਜਾਣ ਵਾਲੇ ਮੁੱਦਿਆਂ ‘ਤੇ ਸੁਝਾਅ ਮੰਗੇ ਹਨ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕਰ ਕਿਹਾ ਕਿ “ਮੈਂ ਹਮੇਸ਼ਾ ਉਨ੍ਹਾਂ ਮੁੱਦਿਆਂ ਨੂੰ ਸੰਸਦ ਵਿੱਚ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਤੁਹਾਡੇ ਲਈ ਮਾਇਨੇ ਰੱਖਦੇ ਹਨ। ਇਸ ਵਾਰ ਵੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ। ਸੰਸਦ ਦੇ ਆਉਣ ਵਾਲੇ ਸੈਸ਼ਨ ਵਿੱਚ ਮੈਨੂੰ ਕਿਹੜੇ ਵਿਸ਼ੇ ਉਠਾਉਣੇ ਚਾਹੀਦੇ ਹਨ? ਕਿਹੜੇ ਮੁੱਦੇ ਦੇਸ਼ ਦੇ ਤੁਰੰਤ ਧਿਆਨ ਦੇ ਯੋਗ ਹਨ?” ਉਨ੍ਹਾਂ ਕਿਹਾ, “ਇਸ ਵਾਰ ਮੈਂ ਸੰਸਦ ਵਿੱਚ ਤੁਹਾਡੇ ਦੁਆਰਾ ਸੁਝਾਏ ਗਏ ਵੱਧ ਤੋਂ ਵੱਧ ਮੁੱਦਿਆਂ ਨੂੰ ਉਠਾਉਣਾ ਚਾਹੁੰਦਾ ਹਾਂ ਅਤੇ ਤੁਹਾਡੀ ਆਵਾਜ਼ ਬਣਨਾ ਚਾਹੁੰਦਾ ਹਾਂ।”























