Operation SHIELD ਤਹਿਤ ਅੱਜ ਪੰਜਾਬ – ਹਰਿਆਣਾ ਸਣੇ 6 ਸੂਬਿਆਂ ‘ਚ ਬਲੈਕ ਆਊਟ ਤੇ ਮੌਕ ਡਰਿੱਲ
– ਜਾਣੋ ਕਿੰਨੇ ਵਜੇ ਹੋਵੇਗਾ Black Out ਤੇ ਕਿਹੜੀਆਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ?

ਚੰਡੀਗੜ੍ਹ, 31 ਮਈ (ਵਿਸ਼ਵ ਵਾਰਤਾ): ਐਮਰਜੈਂਸੀ ਤਿਆਰੀ ਨੂੰ ਵਧਾਉਣ ਲਈ ਇੱਕ ਪਹਿਲਕਦਮੀ ਆਪ੍ਰੇਸ਼ਨ ਸ਼ੀਲਡ ਦੇ ਹਿੱਸੇ ਵਜੋਂ ਦੇਸ਼ ਦੇ 6 ਰਾਜਾਂ ਵਿੱਚ ਅੱਜ ਮੌਕ ਡਰਿੱਲ ਕੀਤੀ ਜਾਵੇਗੀ। ਇਨ੍ਹਾਂ ਵਿੱਚ ਰਾਜਸਥਾਨ, ਪੰਜਾਬ, ਜੰਮੂ ਅਤੇ ਕਸ਼ਮੀਰ, ਹਰਿਆਣਾ, ਗੁਜਰਾਤ ਅਤੇ ਚੰਡੀਗੜ੍ਹ ਸ਼ਾਮਲ ਹਨ। ਇਸਨੂੰ ‘ਆਪ੍ਰੇਸ਼ਨ ਸ਼ੀਲਡ’ ਦਾ ਨਾਮ ਦਿੱਤਾ ਗਿਆ ਹੈ।
ਪੰਜਾਬ ਵਿੱਚ ਬਲੈਕਆਊਟ ਦਾ ਸਮਾਂ ਰਾਤ 8 ਵਜੇ ਨਿਰਧਾਰਤ ਕੀਤਾ ਗਿਆ ਹੈ। ਹਵਾਈ ਹਮਲਿਆਂ ਤੋਂ ਬਚਣ ਅਤੇ ਜੰਗੀ ਸਥਿਤੀਆਂ ਨਾਲ ਨਜਿੱਠਣ ਲਈ ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆਂ ਸਮੇਤ ਸੂਬੇ ਭਰ ਵਿੱਚ ਅਭਿਆਸ ਕੀਤੇ ਜਾਣਗੇ। ਇਸ ਤੋਂ ਇਲਾਵਾ, ਇਹ ਅਭਿਆਸ ਚੰਡੀਗੜ੍ਹ ਵਿੱਚ ਵੀ ਕੀਤਾ ਜਾਵੇਗਾ। ਹਰਿਆਣਾ ਚ ਇਹ ਮੌਕ ਡ੍ਰਿਲ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਹੋਵੇਗੀ। ਬਲੈਕਆਊਟ ਦਾ ਸਮਾਂ ਰਾਤ 8 ਵਜੇ ਤੋਂ 8.15 ਵਜੇ ਤੱਕ, ਯਾਨੀ 15 ਮਿੰਟ ਤੱਕ ਨਿਰਧਾਰਤ ਕੀਤਾ ਗਿਆ ਹੈ।
ਦੱਸ ਦਈਏ ਕਿ ਪੰਜਾਬ ‘ਚ ਇਸ ਅਭਿਆਸ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਰਾਤ 8:00 ਵਜੇ ਤੋਂ ਠੀਕ ਪਹਿਲਾਂ ਨਿਰਧਾਰਤ ਖੇਤਰਾਂ ਵਿੱਚ ਬਿਜਲੀ ਸਪਲਾਈ ਨੂੰ ਅਸਥਾਈ ਤੌਰ ‘ਤੇ ਕੱਟ ਦੇਵੇਗਾ ਅਤੇ 15 ਮਿੰਟ ਦੀ ਮੌਕ ਡਰਿੱਲ ਰਾਤ 8:15 ਵਜੇ ਖਤਮ ਹੋਣ ਤੋਂ ਬਾਅਦ ਇਸਨੂੰ ਬਹਾਲ ਕਰੇਗਾ।
ਲੁਧਿਆਣਾ ‘ਚ ਇਹ ਬਲੈਕ ਆਊਟ ਮੌਕ ਡਰਿੱਲ ਭਨੋਹਰ, ਹਸਨਪੁਰ, ਬੱਦੋਵਾਲ, ਰੁੜਕਾ, ਜਮਗਪੁਰ, ਖਡੂਰ, ਹਵੇਲੀ, ਅੱਡਾ ਸਿਟੀ ਦਾਖਾ, ਅਜੀਤਸਰ, ਈਸੇਵਾਲ, ਗਹੌਰ, ਦੇਤਵਾਲ, ਕੈਲਪੁਰ, ਬੜੈਚ, ਮਦਿਆਨੀ, ਮੋਰਕਰੀਮਾ, ਬੂਥਗੜ੍ਹ, ਅਤੇ 66 ਕੇ.ਵੀ ਰਾਜਗੁਰੂ ਨਗਰ ਤੋਂ ਬੱਦੋਵਾਲ ਛਾਉਣੀ ਖੇਤਰਾਂ ਨੂੰ ਕਵਰ ਕਰੇਗੀ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਐਮਰਜੈਂਸੀ ਲਈ ਜ਼ਿਲ੍ਹੇ ਦੀ ਤਿਆਰੀ ਨੂੰ ਮਜ਼ਬੂਤ ਕਰਨ ਵਿੱਚ ਇਸ ਅਭਿਆਸ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਲੁਧਿਆਣਾ ਵਾਸੀਆਂ ਨੂੰ ਸ਼ਨੀਵਾਰ ਰਾਤ 8:00 ਵਜੇ ਤੋਂ 8:15 ਵਜੇ ਤੱਕ ਮੌਕ ਡਰਿੱਲ ਦੌਰਾਨ ਸਾਰੀਆਂ ਲਾਈਟਾਂ ਬੰਦ ਕਰਕੇ ਸਵੈ-ਇੱਛਾ ਨਾਲ ਹਿੱਸਾ ਲੈਣ ਦੀ ਬੇਨਤੀ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਹਿਯੋਗੀ ਯਤਨ ਜ਼ਿਲ੍ਹੇ ਦੀ ਤਿਆਰੀ ਦਾ ਮੁਲਾਂਕਣ ਕਰਨ ਅਤੇ ਏਜੰਸੀਆਂ ਵਿਚਕਾਰ ਤਾਲਮੇਲ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ।
ਬਲੈਕ ਆਊਟ ਦੌਰਾਨ ਇਹ ਯਕੀਨੀ ਬਣਾਓ—–
1. ਸਾਰੇ ਲਾਈਟਾਂ ਬੰਦ ਕਰੋ
• ਇਸ ਵਿੱਚ ਮੁੱਖ ਲਾਈਟਾਂ, ਇਨਵਰਟਰ ਲਾਈਟਾਂ ਅਤੇ ਕਿਸੇ ਵੀ ਕਿਸਮ ਦੀ ਲਾਈਟ ਸ਼ਾਮਲ ਹੈ, ਜੋ ਬਾਹਰੋਂ ਦਿਖ ਸਕਦੀ ਹੋਵੇ।
2 ਇਨਵਰਟਰ ਦੀ ਲਾਈਟ ਬੰਦ ਕਰਨੀ ਲਾਜ਼ਮੀ ਹੈ
3. ਪਰਦੇ ਪੂਰੀ ਤਰ੍ਹਾਂ ਲਗਾਓ। ਕੋਈ ਰੋਸ਼ਨੀ ਬਾਹਰ ਨਜ਼ਰ ਨਾ ਆਵੇ, ਇਹ ਯਕੀਨੀ ਬਣਾਓ।
4. ਸਾਰੇ ਜ਼ਰੂਰੀ ਸਾਮਾਨ ਪਹਿਲਾਂ ਤੋਂ ਚਾਰਜ ਰੱਖੋ
• ਮੋਬਾਈਲ, ਪਾਵਰ ਬੈਂਕ, ਟਾਰਚ, ਰੇਡੀਓ ਆਦਿ ਹਮੇਸ਼ਾ ਚਾਰਜ ਰੱਖੋ।
5. ਗੁਆਂਢੀਆਂ ਅਤੇ ਬੱਚਿਆਂ ਨੂੰ ਵੀ ਸੂਚਿਤ ਕਰੋ।
• ਜੋ ਲੋਕ ਜਾਣਕਾਰੀ ਵਿੱਚ ਨਹੀਂ, ਉਨ੍ਹਾਂ ਦੀ ਮਦਦ ਕਰੋ ਅਤੇ ਉਨ੍ਹਾਂ ਨੂੰ ਵੀ ਇਹ ਦਿਸ਼ਾ-ਨਿਰਦੇਸ਼ ਮਨਾਉਣ ਲਈ ਕਹੋ।
6. ਬਲੈਕਆਉਟ ਲਈ ਤਿਆਰ ਰਹੋ
• ਆਪਣੀਆਂ ਜ਼ਰੂਰੀ ਚੀਜ਼ਾਂ ਜਿਵੇਂ ਕਿ ਪਾਣੀ, ਟਾਰਚ, ਜੁੱਤੀਆਂ, ਦਸਤਾਵੇਜ਼ ਆਦਿ ਇਕੱਠੀਆਂ ਅਤੇ ਤਿਆਰ ਰੱਖੋ।
7. ਕਾਰ ਵਿੱਚ ਹੋਣ ਦੀ ਸੂਰਤ ਵਿੱਚ
• ਜੇ ਸਾਇਰਨ ਦੌਰਾਨ ਤੁਸੀਂ ਰਸਤੇ ਵਿੱਚ ਹੋ, ਤਾਂ ਹੈੱਡਲਾਈਟ ਤੁਰੰਤ ਬੰਦ ਕਰੋ, ਕਾਰ ਨੂੰ ਰੋਕੋ, ਅਤੇ ਕੋਈ ਹਿਲਜੁਲ ਨਾ ਕਰੋ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























