Nepal : ਹੜ੍ਹਾਂ ਦੇ ਪਾਣੀ ‘ਚ ਰੁੜ੍ਹ ਕੇ ਆਇਆ ਬੈਂਕ ਦਾ ਲਾਕਰ, ਮਚੀ ਲੁੱਟ!
– ਲੋਕਾਂ ਨੇ ਕੱਢੇ 92 ਲੱਖ ਰੁਪਏ, ਅੱਗੋਂ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਨੇਪਾਲ, 29 ਅਗਸਤ (ਵਿਸ਼ਵ ਵਾਰਤਾ) – ਨੇਪਾਲ ਵਿੱਚ ਆਏ ਹੜ੍ਹਾਂ ਕਰਕੇ ਹੁਣ ਤੱਕ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਢਾਈ ਹਜ਼ਾਰਲੋਕ ਲਾਪਤਾ ਦੱਸੇ ਜਾ ਰਹੇ ਹਨ। ਨੇਪਾਲ ਵਿੱਚ ਭਾਰੀ ਹੜ੍ਹਾਂ ਦੇ ਵਿਚਕਾਰ ਇੱਕ ਬੈਂਕ ਦਾ ਲਾਕਰ ਪਾਣੀ ਵਿੱਚ ਰੁੜ੍ਹ ਕੇ ਧਾਦਿੰਗ ਪਹੁੰਚ ਗਿਆ । ਇਹ ਬੈਂਕ ਲਾਕਰ ਧਾਦਿੰਗ ਜ਼ਿਲ੍ਹੇ ਦੇ ਗਲਛੀ ਗਾਓਂਪਾਲਿਕਾ-4 ਸਥਿਤ ਬੇਲਖੂਖੋਲਾ ਦੇ ਨੇੜੇ ਤ੍ਰਿਸ਼ੂਲੀ ਨਦੀ ਦੇ ਕੰਢੇ ਪਹੁੰਚਿਆ ਤਾਂ ਇਸ ਵਿੱਚੋਂ ਨਕਦੀ ਦੀ ਲੁੱਟ ਮਚ ਗਈ।
ਹਾਲਾਂਕਿ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ 29 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਤੋਂ 92 ਲੱਖ ਤੋਂ ਵੱਧ ਦੀ ਨਕਦੀ ਬਰਾਮਦ ਹੋਈ ਹੈ। ਇਹ ਮਾਮਲਾ ਨੇਪਾਲ ਦੇ ਧਾਦਿੰਗ ਜ਼ਿਲ੍ਹੇ ਦਾ ਹੈ। ਹੜ੍ਹ ਦੀ ਸ਼ੁਰੂਆਤ ਰਾਸੂਵਾ ਖੇਤਰਾਂ ਵਿੱਚ ਹੋਈ। ਭਾਰੀ ਮੀਂਹ ਅਤੇ ਹੜ੍ਹ ਦੇ ਕਾਰਨ ਪਾਣੀ ਦਾ ਵਹਾਅ ਵਧ ਗਿਆ। ਇਸ ਦਾ ਅਸਰ ਤ੍ਰਿਸ਼ੂਲੀ ਨਦੀ ‘ਤੇ ਵੀ ਪਿਆ। ਨਦੀ ਦਾ ਵਹਾਅ ਤੇਜ਼ ਹੋ ਗਿਆ। ਇਸੇ ਦੌਰਾਨ ਇੱਕ ਬੈਂਕ ਦਾ ਲਾਕਰ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਲਾਕਰ ਰੁੜ੍ਹਦਾ ਹੋਇਆ ਧਾਦਿੰਗ ਇਲਾਕੇ ਤੱਕ ਪਹੁੰਚ ਗਿਆ। ਇੱਥੋਂ ਹੀ ਪੂਰਾ ਮਾਮਲਾ ਸਾਹਮਣੇ ਆਇਆ।
ਧਾਦਿੰਗ ਵਿੱਚ ਲੋਕਾਂ ਨੇ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਲਾਕਰ ਦੇਖਿਆ। ਇਸ ਤੋਂ ਬਾਅਦ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਸ਼ੁਰੂ ਹੋਈ। ਸੁਰੱਖਿਆ ਏਜੰਸੀਆਂ ਮੁਤਾਬਕ 29 ਲੋਕ ਲਾਕਰ ‘ਚੋਂ ਨਕਦੀ ਕੱਢ ਰਹੇ ਸਨ। ਯਾਨੀ ਮਾਮਲਾ ਸਿਰਫ਼ ਲਾਕਰ ਮਿਲਣ ਤੱਕ ਸੀਮਤ ਨਹੀਂ ਰਿਹਾ। ਇਸੇ ਦੌਰਾਨ ਹਥਿਆਰਬੰਦ ਪੁਲਿਸ ਬਲ ਅਤੇ ਨੇਪਾਲ ਪੁਲਿਸ ਦੀ ਸਾਂਝੀ ਗਸ਼ਤੀ ਟੀਮ ਉੱਥੇ ਪਹੁੰਚ ਗਈ। ਸਾਂਝੀ ਟੀਮ ਨੇ ਮੌਕੇ ‘ਤੇ ਕਾਰਵਾਈ ਕੀਤੀ ਅਤੇ 29 ਲੋਕਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਨ੍ਹਾਂ ਕੋਲੋਂ 9,268,505 ਨੇਪਾਲੀ ਰੁਪਏ ਬਰਾਮਦ ਕੀਤੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























