Nepal Flood: ਕੀ ਹੈ ਨੇਪਾਲ ‘ਚ ਤਬਾਹੀ ਦਾ ਕਾਰਨ ? ਵਿਗਿਆਨੀਆਂ ਨੇ ਕੀਤਾ ਵੱਡਾ ਖੁਲਾਸਾ !
ਚੰਡੀਗੜ੍ਹ, 28 ਅਗਸਤ (ਵਿਸ਼ਵ ਵਾਰਤਾ): ਨੇਪਾਲ ਵਿੱਚ ਆਈ ਭਿਆਨਕ ਹੜ੍ਹ ਨੂੰ ਲੈ ਕੇ ਸ਼ੁਰੂਆਤੀ ਤੌਰ ‘ਤੇ ਭੂਚਾਲ ਨੂੰ ਇਸ ਦਾ ਕਾਰਨ ਮੰਨਿਆ ਜਾ ਰਿਹਾ ਸੀ, ਪਰ ਹੁਣ ਸਾਹਮਣੇ ਆ ਰਹੀ ਵਿਗਿਆਨਕ ਜਾਣਕਾਰੀ ਨੇ ਤਸਵੀਰ ਸਾਫ਼ ਕਰ ਦਿੱਤੀ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ ਇਸ ਆਫ਼ਤ ਦਾ ਤੁਰੰਤ ਕਾਰਨ ਭੂਚਾਲ ਨਹੀਂ, ਸਗੋਂ ਗਲੇਸ਼ੀਅਰ ਦਾ ਇੱਕ ਹਿੱਸਾ ਟੁੱਟਣਾ ਅਤੇ ਉਸ ਤੋਂ ਬਾਅਦ ਪਾਣੀ ਤੇ ਮਲਬੇ ਦਾ ਤੇਜ਼ ਵਹਾਅ ਮੰਨਿਆ ਜਾ ਰਿਹਾ ਹੈ। ਸ਼ੁਰੂ ਵਿੱਚ 4.4 ਤੀਬਰਤਾ ਦਾ ਜੋ ਸਿਗਨਲ ਭੂਚਾਲ ਵਜੋਂ ਦਰਜ ਹੋਇਆ ਸੀ, ਵਿਗਿਆਨੀਆਂ ਮੁਤਾਬਕ ਉਹ ਅਸਲ ਵਿੱਚ ਗਲੇਸ਼ੀਅਰ ਦਾ ਹਿੱਸਾ ਡਿੱਗਣ ਅਤੇ ਮਲਬੇ ਦੇ ਤੇਜ਼ੀ ਨਾਲ ਹੇਠਾਂ ਵਹਿਣ ਕਾਰਨ ਪੈਦਾ ਹੋਇਆ ਕੰਪਨ ਸੀ। ਬਾਅਦ ਵਿੱਚ ਇਸ ਘਟਨਾ ਨਾਲ ਜੁੜੇ ਕੰਪਨ ਨੂੰ ਕਰੀਬ 5.2 ਤੀਬਰਤਾ ਦੇ ਸਿਗਨਲ ਵਜੋਂ ਦਰਜ ਕੀਤਾ ਗਿਆ।
ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਕਰੀਬ 5200 ਮੀਟਰ ਦੀ ਉਚਾਈ ‘ਤੇ ਮੌਜੂਦ ਗਲੇਸ਼ੀਅਰ ਦਾ ਹੇਠਲਾ ਹਿੱਸਾ ਟੁੱਟ ਕੇ ਲਗਭਗ 1200 ਮੀਟਰ ਹੇਠਾਂ ਘਾਟੀ ਵਿੱਚ ਜਾ ਡਿੱਗਿਆ। ਇਸ ਤੋਂ ਬਾਅਦ ਲ੍ਹੇਂਦੇ ਖੋਲਾ ਨਦੀ ਦਾ ਵਹਾਅ ਕੁਝ ਸਮੇਂ ਲਈ ਰੁਕ ਗਿਆ। ਪਾਣੀ, ਮਿੱਟੀ ਅਤੇ ਚੱਟਾਨਾਂ ਦਾ ਦਬਾਅ ਵਧਣ ਤੋਂ ਬਾਅਦ ਅਚਾਨਕ ਵੱਡੀ ਮਾਤਰਾ ਵਿੱਚ ਮਲਬਾ ਅਤੇ ਪਾਣੀ ਭੋਟੇਕੋਸ਼ੀ ਨਦੀ ਵੱਲ ਵਹਿ ਗਿਆ। ਇਸ ਤੇਜ਼ ਵਹਾਅ ਨੇ ਹੇਠਲੇ ਇਲਾਕਿਆਂ ਵਿੱਚ ਭਾਰੀ ਤਬਾਹੀ ਮਚਾਈ। ਖਾਸ ਗੱਲ ਇਹ ਹੈ ਕਿ ਜਿਸ ਦਿਨ ਇਹ ਘਟਨਾ ਵਾਪਰੀ, ਉਸ ਦਿਨ ਰਸੂਵਾ ਖੇਤਰ ਵਿੱਚ ਬਾਰਿਸ਼ ਵੀ ਬਹੁਤ ਘੱਟ ਹੋਈ ਸੀ। ਇਸ ਕਾਰਨ ਆਮ ਮਾਨਸੂਨੀ ਹੜ੍ਹ ਦੀ ਬਜਾਏ ਗਲੇਸ਼ੀਅਰ ਟੁੱਟਣ ਅਤੇ ਮਲਬੇ ਦੇ ਵਹਾਅ ਨੂੰ ਇਸ ਆਫ਼ਤ ਦੀ ਸਭ ਤੋਂ ਮਜ਼ਬੂਤ ਵਜ੍ਹਾ ਮੰਨਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਲੈਂਗਟਾਂਗ ਲਿਰੁੰਗ ਚੋਟੀ ਨੇੜੇ ਸਥਿਤ ਗਲੇਸ਼ੀਅਰ ਦਾ ਹੇਠਲਾ ਹਿੱਸਾ ਢਹਿ ਗਿਆ। ਇਹ ਸਥਾਨ ਹੜ੍ਹ ਪ੍ਰਭਾਵਿਤ ਇਲਾਕੇ ਤੋਂ ਕਰੀਬ 15 ਕਿਲੋਮੀਟਰ ਪੱਛਮ ਵੱਲ ਹੈ। ਗਲੇਸ਼ੀਅਰ ਦਾ ਟੁੱਟਿਆ ਹਿੱਸਾ ਪਹਿਲਾਂ ਉੱਤਰ-ਪੱਛਮ ਵੱਲ ਡਿੱਗਿਆ ਅਤੇ ਫਿਰ ਨਦੀ ਦੇ ਵਹਾਅ ਨਾਲ ਪੱਛਮ ਵੱਲ ਅੱਗੇ ਵਧਿਆ। ਗਲੇਸ਼ੀਅਰ ਦੇ ਘਾਟੀ ਵਿੱਚ ਡਿੱਗਣ ਕਾਰਨ ਪੈਦਾ ਹੋਇਆ ਕੰਪਨ ਇੰਨਾ ਤੇਜ਼ ਸੀ ਕਿ ਇਸ ਨੂੰ ਸ਼ੁਰੂਆਤ ਵਿੱਚ ਭੂਚਾਲ ਸਮਝਿਆ ਗਿਆ।
ਵਿਗਿਆਨੀ ਲੰਬੇ ਸਮੇਂ ਤੋਂ ਹਿਮਾਲਿਆ ਵਿੱਚ ਵਧਦੇ ਤਾਪਮਾਨ ਦੇ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਹੇ ਹਨ। ਇੰਟਰਨੈਸ਼ਨਲ ਸੈਂਟਰ ਫਾਰ ਇੰਟੀਗ੍ਰੇਟਿਡ ਮਾਊਂਟੇਨ ਡਿਵੈਲਪਮੈਂਟ (ICIMOD) ਦੀਆਂ ਰਿਪੋਰਟਾਂ ਮੁਤਾਬਕ ਹਿੰਦੂ ਕੁਸ਼-ਹਿਮਾਲਿਆ ਖੇਤਰ ਵਿੱਚ ਗਲੇਸ਼ੀਅਰਾਂ ਦੇ ਪਿਘਲਣ ਦੀ ਰਫ਼ਤਾਰ ਵਧੀ ਹੈ। ਇਸ ਨਾਲ ਗਲੇਸ਼ੀਅਲ ਝੀਲਾਂ, ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹਾਂ ਦਾ ਖ਼ਤਰਾ ਵਧ ਸਕਦਾ ਹੈ। ਹਾਲਾਂਕਿ ਕਿਸੇ ਇੱਕ ਘਟਨਾ ਨੂੰ ਸਿੱਧੇ ਤੌਰ ‘ਤੇ ਜਲਵਾਯੂ ਤਬਦੀਲੀ ਦਾ ਨਤੀਜਾ ਦੱਸਣਾ ਵਿਗਿਆਨਕ ਤੌਰ ‘ਤੇ ਠੀਕ ਨਹੀਂ ਹੋਵੇਗਾ। ਇਸ ਲਈ ਲੰਬੇ ਸਮੇਂ ਦੇ ਅੰਕੜਿਆਂ ਅਤੇ ਘਟਨਾਵਾਂ ਦੇ ਪੈਟਰਨ ਦਾ ਅਧਿਐਨ ਕੀਤਾ ਜਾਂਦਾ ਹੈ।
ਸਿਰਫ਼ ਤਕਨੀਕੀ ਨਿਗਰਾਨੀ ਨਾਲ ਅਜਿਹੀਆਂ ਆਫ਼ਤਾਂ ਦਾ ਖ਼ਤਰਾ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ। ਪ੍ਰਭਾਵਿਤ ਹੋ ਸਕਣ ਵਾਲੇ ਇਲਾਕਿਆਂ ਦੀ ਮੈਪਿੰਗ, ਸੁਰੱਖਿਅਤ ਥਾਵਾਂ ਦੀ ਪਛਾਣ ਅਤੇ ਐਮਰਜੈਂਸੀ ਨਿਕਾਸੀ ਰਸਤਿਆਂ ਦੀ ਤਿਆਰੀ ਵੀ ਜ਼ਰੂਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























