Navy ਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ
– ਕਮਰੇ ਦੇ ਅੰਦਰ ਬਾਥਰੂਮ ‘ਚ ਪਈ ਮਿਲੀ ਲਾਸ਼!
ਹਰਿਆਣਾ, 2 ਦਸੰਬਰ 2025 (ਵਿਸ਼ਵ ਵਾਰਤਾ): ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਇੱਕ ਹੋਟਲ ਵਿੱਚ ਇੱਕ ਨੇਵੀ (Navy) ਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਸਦੀ ਲਾਸ਼ ਕਮਰੇ ਦੇ ਅੰਦਰ ਬਾਥਰੂਮ ਵਿੱਚ ਪਈ ਮਿਲੀ। ਮ੍ਰਿਤਕ ਦੀ ਪਛਾਣ ਹਿਤੇਸ਼ (25) ਵਜੋਂ ਹੋਈ ਹੈ, ਜੋ ਕਿ ਮਹੇਂਦਰਗੜ੍ਹ ਜ਼ਿਲ੍ਹੇ ਦੇ ਅਟੇਲੀ ਖੇਤਰ ਦੇ ਗੜ੍ਹੀ ਰੁਥਲ ਪਿੰਡ ਦਾ ਰਹਿਣ ਵਾਲਾ ਸੀ। ਹਿਤੇਸ਼ ਲਗਭਗ ਛੇ ਸਾਲਾਂ ਤੋਂ ਨੇਵੀ ਵਿੱਚ ਸੇਵਾ ਨਿਭਾ ਰਿਹਾ ਸੀ। ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
ਹਿਤੇਸ਼ ਲਗਭਗ 25 ਦਿਨਾਂ ਦੀ ਛੁੱਟੀ ‘ਤੇ ਘਰ ਆਇਆ ਹੋਇਆ ਸੀ। ਪੁਲਿਸ ਦੇ ਅਨੁਸਾਰ, ਹਿਤੇਸ਼ ਐਤਵਾਰ ਸ਼ਾਮ ਨੂੰ ਡਿਊਟੀ ‘ਤੇ ਵਾਪਸ ਜਾਣ ਲਈ ਘਰੋਂ ਨਿਕਲਿਆ ਸੀ। ਉਸ ਨੇ ਰਿਵਾੜੀ ਤੋਂ ਬੱਸ ਜਾਂ ਰੇਲਗੱਡੀ ਫੜਨੀ ਸੀ। ਹਾਲਾਂਕਿ, ਉਸ ਨੂੰ ਕੋਈ ਵਾਹਨ ਨਹੀਂ ਮਿਲਿਆ ਅਤੇ ਉਸਨੇ ਸੋਮਵਾਰ ਸਵੇਰੇ 3 ਵਜੇ ਦੇ ਕਰੀਬ ਅੰਬੇਡਕਰ ਚੌਕ ਦੇ ਇੱਕ ਹੋਟਲ ਵਿੱਚ ਕਮਰਾ ਬੁੱਕ ਕੀਤਾ। ਹਿਤੇਸ਼ ਨੇ ਸਵੇਰੇ 11 ਵਜੇ ਤੱਕ ਹੋਟਲ ਤੋਂ ਚੈੱਕ ਆਊਟ ਕਰਨਾ ਸੀ। ਜਦੋਂ ਉਹ 11 ਵਜੇ ਤੱਕ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲਿਆ ਤਾਂ ਹੋਟਲ ਸਟਾਫ ਨੇ ਉਸਦਾ ਦਰਵਾਜ਼ਾ ਖੜਕਾਇਆ। ਜਦੋਂ ਕਾਫ਼ੀ ਦੇਰ ਤੱਕ ਕਮਰੇ ਦੇ ਅੰਦਰੋਂ ਕੋਈ ਜਵਾਬ ਨਾ ਆਇਆ ਤਾਂ ਹੋਟਲ ਸਟਾਫ ਨੇ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹੋਟਲ ਸਟਾਫ਼ ਦੀ ਮਦਦ ਨਾਲ ਕਮਰੇ ਦਾ ਤਾਲਾ ਤੋੜਿਆ। ਹਿਤੇਸ਼ ਕਮਰੇ ਦੇ ਅੰਦਰ ਬਾਥਰੂਮ ਵਿੱਚ ਬੇਸੁੱਧ ਪਿਆ ਹੋਇਆ ਸੀ। ਹਿਤੇਸ਼ ਨੂੰ ਕਮਰੇ ਤੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















